ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਅੱਜ ਰਿਟਾਇਰਡ ਮਿਉਂਸਪਲ ਵਰਕਰ ਯੂਨੀਅਨ ਦੀ ਇੱਕ ਵਿਸ਼ੇਸ਼ ਇਕੱਤਰਤਾ ਦਲਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੇ ਬਕਾਏ ਦੀਆਂ ਪੰਜਾਬ ਸਰਕਾਰ ਵੱਲੋਂ ਰੋਕੀਆਂ 16% ਦੀਆਂ 5 ਕਿਸ਼ਤਾਂ ਅਤੇ ਛੇਵੇਂ ਪੇ-ਕਮਿਸ਼ਨ ਦਾ ਏਰੀਅਰ ਜਾਰੀ ਕਰਨ ਸਬੰਧੀ ਮਾਨਯੋਗ ਅਦਾਲਤ ਵੱਲੋਂ ਦਿੱਤੇ ਗਏ ਇਤਿਹਾਸਕ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਤੋਂ ਇਲਾਵਾ, ਨਗਰ ਕੌਂਸਲ, ਖੰਨਾ ਵੱਲੋਂ ਏਰੀਅਰ ਦੀ ਪਹਿਲੀ ਕਿਸ਼ਤ ਜੋ ਕਿ ਅਪ੍ਰੈਲ ਪੇਡ ਮਈ, 2026 ਦੇ ਮਹੀਨੇ ਵਿੱਚ ਦੇਣੀ ਬਣਦੀ ਸੀ | ਪ੍ਰੰਤੂ ਨਗਰ ਕੌਂਸਲ, ਖੰਨਾ ਵੱਲੋਂ ਕਰਮਚਾਰੀਆਂ ਨੂੰ ਇਹ ਕਿਸ਼ਤ ਜਾਰੀ ਨਹੀਂ ਕੀਤੀ ਗਈ | ਜਿਸ ਸਬੰਧੀ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰਾਂ ਨਗਰ ਕੌਂਸਲ, ਖੰਨਾ ਦੇ ਈ. ਓ. ਨੂੰ ਉਨਾਂ ਦੇ ਦਫ਼ਤਰ ਮਿਲਣ ਗਏ, ਪ੍ਰੰਤੂ ਉਹ ਨਹੀਂ ਮਿਲੇ ਅਤੇ ਉਨਾਂ ਤੋਂ ਬਾਅਦ ਇੱਕ ਮੈਮੋਰੰਡਮ ਹਰਪਾਲ ਸਿੰਘ ਲੇਖਾਕਾਰ ਨਗਰ ਕੌਂਸਲ, ਖੰਨਾ ਨੂੰ ਦਿੱਤਾ ਗਿਆ | ਜਿਸ ਉਪਰੰਤ ਉਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਏਰੀਅਰ ਦੀ ਪਹਿਲੀ ਬਣਦੀ ਕਿਸ਼ਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਈ ਦੇ ਆਖੀਰ ਤੱਕ ਕਰਮਚਾਰੀਆਂ ਨੂੰ ਦੇ ਜਾਰੀ ਕਰ ਦਿੱਤੀ ਜਾਵੇਗੀ ਅਤੇ ਮੀਟਿੰਗ ਵਿੱਚ ਸਰਕਾਰ ਦੀ ਨਿਖੇਧੀ ਵੀ ਕੀਤੀ ਗਈ ਕਿਉਂਕਿ ਸਰਕਾਰ ਵੱਲੋਂ ਏਰੀਅਰ ਦੇਣ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਏਰੀਅਰ ਅਤੇ ਡੀ.ਏ. ਦੀਆਂ ਕਿਸ਼ਤਾਂ ਸਬੰਧੀ ਅਪੀਲ ਦਾਇਰ ਕੀਤੀ ਹੈ | ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਅਮਰ ਸਿੰਘ, ਹਰਪਿੰਦਰ ਪਾਲ, ਪਵਨ ਕੁਮਾਰ, ਹਰਕੀਰਤ ਸਿੰਘ, ਰਾਮ ਸੁੰਦਰ, ਦਰਸ਼ਨ ਲਾਲ ਅਤੇ ਟੇਕ ਚੰਦ ਆਦਿ ਵੀ ਸ਼ਾਮਿਲ ਸਨ | ਇਸ ਇਕੱਤਰਤਾ ਵਿੱਚ ਸਮੂਹ ਪੈਨਸ਼ਨਰ ਨੂੰ ਅਗਲੀ ਮੀਟਿੰਗ ਦੀ ਕਾਲ ਆਉਣ ਤੇ ਮੀਟਿੰਗ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ |