ਡੇਹਲੋਂ, 16 ਮਈ (ਅੰਮਿ੍ਤਪਾਲ ਸਿੰਘ ਕੈਲੇ)- ਭਾਰਤ ਦੇਸ਼ ਅੰਦਰ ਡੇਂਗੂ ਦਿਵਸ ਮਨਾਏ ਜਾਣ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਆਹਲੂਵਾਲੀਆ ਤੇ ਐਸ. ਐਮ. ਓ ਡੇਹਲੋਂ ਡਾਕਟਰ ਪੁਨੀਤ ਸਿੱਧੂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ. ਡੇਹਲੋਂ ਵਿਖੇ ਵੀ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ | ਇਸ ਸਮੇਂ ਹਸਪਤਾਲ ਕਰਮਚਾਰੀਆਂ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਅਤੇ ਸਿਹਤ ਜਾਗਰੂਕਤਾ ਲਈ ਵਿਸ਼ੇਸ਼ ਰੈਲੀ ਆਯੋਜਿਤ ਕੀਤੀ ਗਈ ਅਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਪਾਣੀ ਨਾ ਖੜਨ ਦੇਣ ਦੀ ਅਪੀਲ ਕੀਤੀ ਗਈ | ਇਸ ਸੰਬੰਧੀ ਹੈਲਥ ਇੰਸਪੈਕਟਰ ਕੁਲਪ੍ਰੀਤ ਸਿੰਘ ਸਮਰਾ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਇੱਕ ਖ਼ਾਸ ਕਿਸਮ ਦੇ ਮਾਦਾ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ , ਜੋ ਕਿ ਦਿਨ ਦੇ ਸਮੇਂ ਜ਼ਿਆਦਾ ਕੱਟਦਾ ਹੈ | ਸਮਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ ਬੁਖ਼ਾਰ, ਮਾਸ ਪੇਸ਼ੀਆਂ ਅੰਦਰ ਦਰਦ ਆਦਿ ਲੱਛਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੇੜਲੇ ਸਰਕਾਰੀ ਹਸਪਤਾਲਾਂ ਅੰਦਰ ਡਾਕਟਰਾਂ ਦੀ ਸਲਾਹ ਜ਼ਰੂਰ ਲਈ ਜਾਵੇ ਤਾਂ ਕਿ ਸਮੇਂ ਸਿਰ ਇਲਾਜ ਹੋ ਸਕੇ | ਮੁਹੰਮਦ ਸ਼ਬੀਰ ਮਲਟੀਪਰਪਜ ਹੈਲਥ ਵਰਕਰ (ਮੇਲ) ਨੇ ਦੱਸਿਆ ਕਿ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਆਲੇ-ਦੁਆਲੇ ਕਿਸੇ ਵੀ ਥਾਂ ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਪਿ੍ਯੰਕਾ ਸੀ. ਐਚ. ਓ ਨੇ ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਹੈ, ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆਂ, ਚਮੜੀ ਤੇ ਦਾਣੇ, ਹਾਲਤ ਖ਼ਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿ੍ਹਆਂ ਵਿਚੋਂ ਖ਼ੂਨ ਵਗਣਾ ਇਸ ਦੇ ਮੁੱਖ ਲੱਛਣ ਹਨ | ਮਨਜੀਤ ਕੌਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ਦੱਸਿਆ ਹੈ ਕਿ ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਰੂਪਮਤੀ ਐਲ. ਐੱਚ. ਵੀ. ਨੇ ਦੱਸਿਆ ਹੈ ਕਿ ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕੀਤੀ ਜਾਵੇ | ਇਸ ਸਮੇਂ ਰਘਵਿੰਦਰ ਕੌਰ ਐਲ .ਐਚ. ਵੀ. ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਥੀਮ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਵਲੋਂ ਘਰ-ਘਰ ਜਾ ਕੇ ਡੇਂਗੂ ਦੇ ਵਿਰੋਧ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ | ਜਿੰਮੀ ਕਪੂਰ ਨੇ ਦੱਸਿਆ ਬੁਖਾਰ ਹੋਣ ਤੇ ਤਰੰਤ ਨੇੜੇ ਦੀ ਡਿਸਪੈਂਸਰੀ ਜਾਂ ਹਸਪਤਾਲ ਨਾਲ ਸੰਪਰਕ ਕਰੋ, ਜਿੱਥੇ ਡੇਂਗੂ ਦਾ ਟੈਸਟ ਤੇ ਸੁਪੋਰਟਿਵ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਸਮੇਂ ਸ਼ੁਭਮ ਮੰਗੋਤਰਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ |