ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਤਹਿਸੀਲ ਕੰਪਲੈਕਸ ਖੰਨਾ ਵਿਖੇ ਐਸ. ਡੀ. ਐਮ. ਸਵਾਤੀ ਟਿਵਾਣਾ ਅਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਦੀ ਜੇ ਏ ਨਿਗਰਾਨੀ ਹੇਠ ਮਰਦਮ ਸ਼ੁਮਾਰੀ ਦੇ ਚੱਲ ਰਹੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਅਗਵਾਈ ਮਰਦਮ ਸ਼ੁਮਾਰੀ ਇੰਚਾਰਜ ਅਵਤਾਰ ਸਿੰਘ, ਨਰਿੰਦਰ ਸਿੰਘ, ਡਾ. ਬਲਰਾਮ ਸ਼ਰਮਾ, ਅਮਨਦੀਪ ਸਿੰਘ (ਆਈ. ਟੀ. ਸੈਲ) ਵੱਲੋਂ ਕੀਤੀ ਗਈ | ਇਸ ਮੀਟਿੰਗ ਵਿੱਚ ਮਰਦਮ ਸ਼ੁਮਾਰੀ ਟੀਮਾਂ ਵੱਲੋਂ ਤਿਆਰ ਕੀਤੇ ਨਜ਼ਰੀ ਨਕਸ਼ਿਆਂ ਦਾ ਜਾਇਜ਼ਾ ਲਿਆ ਗਿਆ ਅਤੇ ਹਾਊਸ ਬਲਾਕ ਲਿਸਟਿੰਗ ਐਪ ਡਾਊਨਲੋਡ ਕਰਨ ਉਪਰੰਤ ਇੱਕ ਇਕ ਐਂਟਰੀ ਵੀ ਕਰਵਾਈ ਗਈ | ਇਸ ਮੌਕੇ ਡਾ. ਰੁਚੀ ਗੁਪਤਾ ਡਿਪਟੀ ਡਾਇਰੈਕਟਰ ਸੈਂਸਿਜ਼ ਪੰਜਾਬ ਵੱਲੋਂ ਅਚਾਨਕ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਕੇ ਮਰਦਮ ਸ਼ੁਮਾਰੀ ਸਬੰਧੀ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਅਲੋਕ ਕੁਮਾਰ ਸੈਂਸਿਜ਼ ਇੰਚਾਰਜ ਜਿਲਾ ਲੁਧਿਆਣਾ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਡਾ. ਰੁਚੀ ਗੁਪਤਾ ਵੱਲੋਂ ਮਰਦਮ ਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੁੱਚੀ ਮਰਦਮ ਸ਼ੁਮਾਰੀ ਟੀਮ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਵੀ ਕੀਤੀ ਗਈ ਅਤੇ ਨਾਗਰਿਕਾਂ ਨੂੰ ਮਰਦਮ ਸ਼ੁਮਾਰੀ ਦੇ ਇਸ ਕਾਰਜ ਲਈ ਤੈਨਾਤ ਕੀਤੇ ਮਰਦਮ ਸ਼ੁਮਾਰੀ ਹਮਲੇ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ | ਵਰਨਣਯੋਗ ਹੈ ਕਿ ਇਸ ਮਰਦਮ ਸ਼ੁਮਾਰੀ ਦੇ ਕਾਰਜ ਨੂੰ ਸਫਲ ਬਣਾਉਣ ਲਈ 16 ਸੁਪਰਵਾਈਜ਼ਰ ਅਤੇ 150 ਗਿਣਤੀਕਾਰ ਫ਼ੀਲਡ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ |