ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਪੰਜਾਬ ਭਰ ਵਿੱਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਇੱਕ ਬਹੁਤ ਹੀ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਇਨ੍ਹਾਂ ਚੋਣਾਂ ਵਿੱਚ ਮੌਜੂਦਾ ਸਰਕਾਰ ਨੇ ਸੱਤਾ ਦੇ ਨਸ਼ੇ ਵਿੱਚ ਅੰਨ੍ਹੇ ਹੋ ਕੇ ਅਤੇ ਆਪਣੀ ਕਰਾਰੀ ਹਾਰ ਦੇ ਡਰੋਂ ਸਰਕਾਰੀ ਪ੍ਰਸ਼ਾਸਨ ਤੇ ਮਸ਼ੀਨਰੀ ਦੀ ਘੋਰ ਦੁਰਵਰਤੋਂ ਕੀਤੀ ਹੈ, ਜੋ ਕਿ ਸਿੱਧੇ ਤੌਰ 'ਤੇ ਪੰਜਾਬ ਅੰਦਰ ਲੋਕਤੰਤਰ ਦਾ ਸ਼ਰੇਆਮ ਘਾਣ ਹੈ | ਖਾਨ ਨੇ ਕਿਹਾ ਕਿ ਇਹ ਚੋਣਾਂ ਬਿਲਕੁਲ ਵੀ ਨਿਰਪੱਖ ਨਹੀਂ ਸਨ | 'ਆਪ' ਸਰਕਾਰ ਨੇ ਸਭ ਤੋਂ ਪਹਿਲਾਂ ਸੱਤਾ ਦੇ ਜ਼ੋਰ 'ਤੇ ਵਿਰੋਧੀ ਧਿਰ ਦੇ ਮਜ਼ਬੂਤ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਜਬਰੀ ਰੱਦ ਕਰਵਾਏ ਤਾਂ ਜੋ ਮੈਦਾਨ ਸਾਫ਼ ਕੀਤਾ ਜਾ ਸਕੇ | ਇਸ ਤੋਂ ਬਾਅਦ ਵੀ ਜਿੱਥੇ ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਮਜ਼ਬੂਤੀ ਨਾਲ ਡਟੇ ਰਹੇ, ਉੱਥੇ ਉਨ੍ਹਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਡਰਾਇਆ-ਧਮਕਾਇਆ ਗਿਆ | ਵੋਟਾਂ ਵਾਲੇ ਦਿਨ ਵੀ ਸ਼ਰੇਆਮ ਧੱਕਾ ਕੀਤਾ ਗਿਆ ਅਤੇ ਜਦੋਂ ਇੰਨੇ 'ਤੇ ਵੀ ਗੱਲ ਨਾ ਬਣੀ ਤਾਂ ਵੋਟਾਂ ਦੀ ਗਿਣਤੀ ਵਾਲੇ ਦਿਨ ਸਾਰੇ ਨਿਯਮ ਛਿੱਕੇ ਟੰਗ ਕੇ ਵਿਰੋਧੀਆਂ ਦੀਆਂ ਵੋਟਾਂ ਨੂੰ ਜਬਰੀ ਰੱਦ ਕਰਵਾ ਦਿੱਤਾ ਗਿਆ, ਤਾਂ ਜੋ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਫ਼ੇਲ੍ਹ ਹੋ ਚੁੱਕੇ ਉਮੀਦਵਾਰਾਂ ਨੂੰ ਜਿੱਤ ਦੀ ਚੋਗ ਪਾਈ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਸਰਕਾਰ ਦੇ ਇਸ ਗੁੰਡਾਗਰਦੀ ਵਾਲੇ ਰਵੱਈਏ ਅਤੇ ਸਿਆਸੀ ਪੱਖਪਾਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਧੱਕੇਸ਼ਾਹੀ ਦਾ ਕਰਾਰਾ ਜਵਾਬ ਵੋਟ ਦੀ ਤਾਕਤ ਨਾਲ ਜ਼ਰੂਰ ਦੇਵੇਗੀ |