ਕਰੋੜਾਂ ਦੀ ਜ਼ਮੀਨ ਹੜੱਪਣ ਲਈ ਰਚੀ ਸਾਜਿਸ਼!
ਜਾਅਲੀ ਮੌਤ ਸਰਟੀਫਿਕੇਟ ਰਾਹੀਂ ਕਰਵਾਇਆ ਵਿਰਾਸਤੀ ਇੰਤਕਾਲ
10 ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ
ਮਾਛੀਵਾੜਾ ਸਾਹਿਬ, 3 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪਿੰਡ ਬਹਿਲੋਲਪੁਰ ਵਿਖੇ ਕਰੋੜਾਂ ਰੁਪਏ ਦੀ ਕੀਮਤ ਵਾਲੀ 21 ਕਨਾਲ 12 ਮਰਲੇ ਜ਼ਮੀਨ ਨੂੰ ਗ਼ਲਤ ਤਰੀਕੇ ਨਾਲ ਆਪਣੇ ਨਾਂਅ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਾਛੀਵਾੜਾ ਪੁਲਸ ਵੱਲੋਂ 10 ਵਿਅਕਤੀਆਂ ਪਰਮਜੀਤ ਕੁਮਾਰ ਵਾਸੀ ਬਹਿਲੋਲਪੁਰ, ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ (ਸਾਰੇ ਵਾਸੀ ਰੋਪੜ ਅਤੇ ਆਪਸ ਵਿਚ ਭਰਾ), ਨਿਰਮਲ ਸ਼ਰਮਾ ਵਾਸੀ ਸਰਹਿੰਦ, ਰਾਜਵੀਰ ਸਿੰਘ ਵਾਸੀ ਬਹਿਲੋਲਪੁਰ, ਦਵਿੰਦਰ ਕੁਮਾਰ ਵਾਸੀ ਖੰਨਾ, ਦਵਿੰਦਰਜੀਤ ਅਤੇ ਅਮਰ ਸਿੰਘ ਵਾਸੀ ਰਤਨਹੇੜੀ ਖਿਲਾਫ਼ ਧੋਖਾਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਮਾਛੀਵਾੜਾ ਸਾਹਿਬ, 3 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਪਿੰਡ ਬਹਿਲੋਲਪੁਰ ਵਿਖੇ ਕਰੋੜਾਂ ਰੁਪਏ ਦੀ ਕੀਮਤ ਵਾਲੀ 21 ਕਨਾਲ 12 ਮਰਲੇ ਜ਼ਮੀਨ ਨੂੰ ਗ਼ਲਤ ਤਰੀਕੇ ਨਾਲ ਆਪਣੇ ਨਾਂਅ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਾਛੀਵਾੜਾ ਪੁਲਸ ਵੱਲੋਂ 10 ਵਿਅਕਤੀਆਂ ਪਰਮਜੀਤ ਕੁਮਾਰ ਵਾਸੀ ਬਹਿਲੋਲਪੁਰ, ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ (ਸਾਰੇ ਵਾਸੀ ਰੋਪੜ ਅਤੇ ਆਪਸ ਵਿਚ ਭਰਾ), ਨਿਰਮਲ ਸ਼ਰਮਾ ਵਾਸੀ ਸਰਹਿੰਦ, ਰਾਜਵੀਰ ਸਿੰਘ ਵਾਸੀ ਬਹਿਲੋਲਪੁਰ, ਦਵਿੰਦਰ ਕੁਮਾਰ ਵਾਸੀ ਖੰਨਾ, ਦਵਿੰਦਰਜੀਤ ਅਤੇ ਅਮਰ ਸਿੰਘ ਵਾਸੀ ਰਤਨਹੇੜੀ ਖਿਲਾਫ਼ ਧੋਖਾਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਹਰਜੀਤ ਸਿੰਘ ਵਾਸੀ ਬਹਿਲੋਲਪੁਰ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਸਾਲ 2020-21 ਦੌਰਾਨ ਉਕਤ ਜ਼ਮੀਨ ਦੀ ਮਾਲਕੀ ਸਬੰਧੀ ਰਿਕਾਰਡ ਵਿਚ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਗ਼ਲਤ ਵਿਅਕਤੀਆਂ ਨੂੰ ਪੇਸ਼ ਕਰਕੇ ਅਤੇ ਫਰਜ਼ੀ ਸ਼ਨਾਖਤਾਂ ਰਾਹੀਂ ਜ਼ਮੀਨ ਦਾ ਵਿਰਾਸਤੀ ਇੰਤਕਾਲ ਦਰਜ ਕਰਵਾਇਆ ਗਿਆ। ਸ਼ਿਕਾਇਤ ਦੀ ਜਾਂਚ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ। ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਕਿ ਪਰਮਜੀਤ ਕੁਮਾਰ ਉਰਫ਼ ਪੰਮਾ ਤੇ ਰਾਜਵੀਰ ਸਿੰਘ ਵੱਲੋਂ ਕਥਿਤ ਤੌਰ ’ਤੇ ਜ਼ਮੀਨ ਨਾਲ ਸਬੰਧਤ ਜਾਅਲੀ ਮੌਤ ਸਰਟੀਫਿਕੇਟ ਤਿਆਰ ਕਰਵਾਇਆ ਗਿਆ। ਇਸ ਕੰਮ ਵਿਚ ਹੋਰ ਵਿਅਕਤੀਆਂ ਨੂੰ ਵੀ ਸ਼ਾਮਲ ਕਰਦਿਆਂ 21 ਕਨਾਲ 12 ਮਰਲੇ ਜ਼ਮੀਨ ਦਾ ਵਿਰਾਸਤੀ ਇੰਤਕਾਲ ਆਪਣੇ ਨਾਂਅ ਕਰਵਾ ਲਿਆ ਗਿਆ। ਪੁਲਿਸ ਨੇ ਜਾਂਚ ਦੇ ਆਧਾਰ ’ਤੇ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਤਕਾਲ ਦਰਜ ਕਰਵਾਉਣ ਲਈ ਤਿਆਰ ਕੀਤੇ ਗਏ ਕੁਰਸੀਨਾਮੇ ਉੱਤੇ ਰੋਪੜ ਮਿਉਂਸੀਪਲ ਕੌਂਸਲ ਦੀ ਇਕ ਮਹਿਲਾ ਕੌਂਸਲਰ ਦੀ ਜਾਅਲੀ ਮੋਹਰ ਲਗਾਈ ਗਈ ਸੀ। ਸਬੰਧਤ ਮਹਿਲਾ ਕੌਂਸਲਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਸਪੱਸ਼ਟ ਕੀਤਾ ਕਿ ਕੁਰਸੀਨਾਮੇ ਉੱਤੇ ਵਰਤੀ ਗਈ ਮੋਹਰ ਉਸ ਦੀ ਅਸਲੀ ਮੋਹਰ ਨਹੀਂ ਹੈ, ਸਗੋਂ ਜਾਅਲੀ ਹੈ। ਇੰਤਕਾਲ ਦਰਜ ਕਰਨ ਵਾਲੇ ਪਟਵਾਰੀ ਵੀ ਜਾਂਚ ਦੇ ਘੇਰੇ ’ਚ- ਬਹਿਲੋਲਪੁਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਦਾ ਵਿਰਾਸਤੀ ਇੰਤਕਾਲ ਦਰਜ ਕਰਨ ਵਾਲੇ ਮਾਲ ਵਿਭਾਗ ਦੇ ਦੋ ਪਟਵਾਰੀਆਂ ਦੀ ਭੂਮਿਕਾ ਵੀ ਪੁਲਿਸ ਜਾਂਚ ਦੇ ਦਾਇਰੇ ’ਚ ਆ ਗਈ ਹੈ। ਜਾਂਚ ਰਿਪੋਰਟ ਵਿਚ ਕਥਿਤ ਤੌਰ ’ਤੇ ਇਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਸਬੰਧੀ ਤੱਥ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਧਾਰਾ 17-ਏ ਤਹਿਤ ਮਨਜ਼ੂਰੀ ਹਾਸਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ।