ਮਾਛੀਵਾੜਾ ਸਾਹਿਬ, 4 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰਾਹੋਂ ਮਾਰਗ 'ਤੇ ਸਥਿਤ ਪੈਟਰੋਲ ਪੰਪ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ 'ਚ ਕਾਰ ਡਰਾਈਵਰ ਹਰਮੇਸ਼ ਲਾਲ ਵਾਸੀ ਉਰਫ਼ ਗੋਗੀ ਵਾਸੀ ਇੰਦਰਾ ਕਾਲੋਨੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰਮੇਸ਼ ਲਾਲ ਕਾਰ ਚਲਾਉਣ ਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਉਹ ਪੈਟਰੋਲ ਪੰਪ 'ਤੇ ਗੱਡੀ ਖੜਾ ਕੇ ਜਦੋਂ ਸੜਕ ਪਾਰ ਕਰਨ ਲੱਗਾ ਤਾਂ ਇਕ ਟਰੱਕ ਨੇ ਉਸ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ | ਇਸ ਹਾਦਸੇ 'ਚ ਹਰਮੇਸ਼ ਲਾਲ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਟਰੱਕ ਚਾਲਕ ਫ਼ਰਾਰ ਹੋ ਗਿਆ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸਾ ਕਰਨ ਵਾਲੇ ਟਰੱਕ ਦਾ ਪਤਾ ਚੱਲ ਸਕੇ | ਲਾਸ਼ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਤੇ ਅੰਤਿਮ ਸਸਕਾਰ ਕਰ ਦਿੱਤਾ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ |