ਪਾਇਲ, 4 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਪੰਜਾਬ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਹਿਮਾਚਲ ਤੋਂ ਲਿਆ ਕੇ ਪੰਜਾਬ 'ਚ ਲਗਾਇਆ ਗਿਆ ਹੈ ਜਿਹੜਾ ਕਿ ਪੰਜਾਬ ਨਾਲ ਸਰਾਸਰ ਧੱਕਾ ਹੈ | ਇਹ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਨੇ ਕਿਹਾ ਕਿ ਜਿਹੜੇ ਸੂਬਿਆਂ ਦੇ ਨਾਲ ਪੰਜਾਬ ਦਾ ਪਾਣੀ ਅਤੇ ਬਿਜਲੀ ਨੂੰ ਲੈ ਕੇ ਅਤੇ ਡੈਮਾਂ ਦੇ ਪ੍ਰਬੰਧ ਨੂੰ ਲੈ ਕੇ ਰੌਲਾ ਚੱਲਦਾ ਹੈ ਸਰਕਾਰ ਉਨ੍ਹਾਂ ਹੀ ਸੂਬਿਆਂ ਤੋਂ ਲਿਆ ਕੇ ਪੰਜਾਬ ਦੇ ਵਿੱਚ ਅਫ਼ਸਰ ਸ਼ਾਹੀ ਨੂੰ ਵੱਡੇ-ਵੱਡੇ ਅਹੁਦਿਆਂ 'ਤੇ ਬਿਠਾ ਕੇ ਨਵਾਜ਼ ਰਹੀ ਹੈ | ਪੰਜਾਬ ਰੈਗੂਲੇਟਰੀ ਕਮਿਸ਼ਨ ਦਾ ਅਹੁਦਾ ਪੰਜਾਬ ਦੇ ਲਈ ਬਹੁਤ ਵੱਡਾ ਅਹਿਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਅਹੁਦੇ ਦੇ ਉੱਤੇ ਲਗਾਉਣ ਦੇ ਲਈ ਪੰਜਾਬ ਦੇ ਵਿਚੋਂ ਕੋਈ ਯੋਗ ਵਿਅਕਤੀ ਨਹੀਂ ਲੱਭਿਆ ਬਲਕਿ ਕੇਜਰੀਵਾਲ ਦੀ ਸਿਫ਼ਾਰਸ਼ 'ਤੇ ਪੰਜਾਬ ਦੇ ਵਿੱਚ ਹਿਮਾਚਲ ਤੋਂ ਲਿਆ ਕੇ ਐਸ. ਪੀ. ਗੁਪਤਾ ਨੂੰ ਪੰਜਾਬ ਬਿਜਲੀ ਬੋਰਡ ਦੇ ਰੈਗੂਲਰਟਰੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ, ਜਿਹੜਾ ਕਿ ਸਰਾਸਰ ਪੰਜਾਬ ਦੇ ਹੱਕਾਂ ਤੇ ਡਾਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲੇ ਸਲੂਕ ਦਾ ਜਵਾਬ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ | ਇਸ ਮੌਕੇ ਨੇਤਾ ਗਗਨਦੀਪ ਸਿੰਘ, ਹਰਬੰਤ ਸਿੰਘ ਪਾਇਲ, ਜੋਗਾ ਸਿੰਘ, ਸੋਢੀ ਦੋਰਾਹਾ, ਹਰਜੀਤ ਸਿੰਘ ਦੋਰਾਹਾ ਆਦਿ ਹਾਜ਼ਰ ਸਨ |