ਮਲੌਦ, 17 ਜੂਨ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਅਤੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ (ਉੱਤਰਾਖੰਡ)
ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਬੇਰ ਕਲਾਂ ਲੰਗਰਾਂ ਵਾਲਿਆਂ ਨੇ ਦੱਸਿਆ ਕਿ ਲੰਗਰ ਅਸਥਾਨ ਹੇਮਕੁੰਟ ਸਾਹਿਬ ਨਗਰਾਸੂ ਉੱਤਰਾਖੰਡ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਨਵੇਂ ਸ਼੍ਰੀ ਦਰਬਾਰ ਸਾਹਿਬ ਤਿਆਰ ਹੋ ਰਹੇ ਹਨ। ਜਿਹੜੇ ਗੁਰਦੁਆਰਾ ਸੀਤਲਕੁੰਡ ਸਾਹਿਬ ਬਿਹਾਰ ਦੀ ਤਰ੍ਹਾਂ 8 ਪਹਿਲੂਆਂ ਤੇ ਬਣਾਏ ਜਾਣਗੇ। ਜਿਸ ਨਾਲ ਹੁਣ ਸੰਗਤਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਨਿਰਮਲ ਡੇਰਾ ਬੇਰ ਕਲਾਂ ਵਲੋਂ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਣ ਆਣ ਵਾਲੀਆਂ ਸੰਗਤਾਂ ਲਈ ਰਸਤੇ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ। ਸੰਗਤਾਂ ਨੂੰ ਪਿਛਲੇ 28 ਸਾਲਾਂ ਤੋਂ ਲਗਾਤਾਰ ਲੰਗਰ, ਰਿਹਾਇਸ਼, ਦਵਾਈਆਂ ਆਦਿ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡੀਜ਼ਲ, ਪੈਟਰੋਲ ਪੂਰਾ ਮਿਲ ਰਿਹਾ ਹੈ, ਸੰਗਤਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸੰਗਤਾਂ ਰੋਜ਼ਾਨਾ ਸੈਂਕੜੇ ਕਾਰਾਂ, ਬੱਸਾਂ, ਟਰੱਕ ਤੇ ਮੋਟਰਸਾਈਕਲਾਂ ਰਾਹੀਂ ਦਰਸ਼ਨਾਂ ਲਈ ਆ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਲੋਕ ਹਰੇਕ ਸਾਲ ਝੂਠੀਆਂ ਗੱਲਾਂ ਕਰਕੇ ਸੰਗਤਾਂ ਦੇ ਮਨਾਂ ਵਿੱਚ ਭੁਲੇਖੇ ਪਾ ਰਹੇ ਹਨ ਅਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਹਨ। ਜਿਸ ਕਰ ਕੇ ਦੂਰ ਬੈਠੀਆਂ ਸੰਗਤਾਂ ਦੇ ਮਨਾਂ ਵਿੱਚ ਡਰ ਆ ਜਾਂਦਾ ਹੈ। ਇਹ ਲੋਕ ਸੰਗਤ ਨੂੰ ਗੁਰੂ ਘਰਾਂ ਨਾਲੋਂ ਤੋੜਨਾ ਚਾਹੁੰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਨਾਲ 24 ਘੰਟੇ ਸੰਪਰਕ ਕਰ ਸਕਦੇ ਹਨ। ਸੰਤ ਬੇਰ ਕਲਾਂ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁੱਝ ਲੋਕ ਐਵੇਂ ਅਫ਼ਵਾਹਾਂ ਫੈਲਾ ਰਹੇ ਹਨ ਕਿ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਡੀਜ਼ਲ ਪੈਟਰੋਲ ਦੀ ਕਮੀ ਪਾਈ ਜਾਂਦੀ ਹੈ। ਅਜਿਹਾ ਕੁੱਝ ਵੀ ਨਹੀਂ ਹੈ। ਰੋਜ਼ਾਨਾ ਸੈਂਕੜੇ ਸੰਗਤਾਂ ਦਰਸ਼ਨ ਕਰਨ ਲਈ ਜਾ ਰਹੀਆਂ ਹਨ। ਇਸ ਮੌਕੇ ਭਾਈ ਸਵਰਨਜੀਤ ਸਿੰਘ ਸੋਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।