ਮਾਛੀਵਾੜਾ ਸਾਹਿਬ, 21 ਜੁਲਾਈ (ਮਨੋਜ ਕੁਮਾਰ)-ਸੂਬੇ ਦਾ ਸ਼ਾਇਦ ਇਹ ਇਕਲੌਤਾ ਰੈਸਟ ਹਾਊਸ ਹੋਵੇਗਾ ਜੋ ਬ੍ਰਿਟਿਸ਼ ਕਾਲ ਦੇ ਪੁਰਾਣੇ ਇਤਿਹਾਸ ਨੂੰ ਸਮੋਈ ਬੈਠਾ ਹੈ, ਕਰੀਬ 80 ਸਾਲ ਤੋਂ ਵੀ ਵੱਧ ਪੁਰਾਣੇ ਹੋ ਚੁੱਕੇ ਇਸ ਰੈਸਟ ਹਾਊਸ ਦੇ ਆਸ- ਪਾਸ ਕਾਫੀ ਏਕੜ ਜਗਾ ਖਾਲੀ ਪਈ ਹੈ। ਗੜੀ ਪੁਲ ਕੋਲ ਵਗਦੀ ਸਰਹਿੰਦ ਨਹਿਰ ਦੇ ਕਿਨਾਰੇ ਤੇ ਬਣੇ ਇਸ ਰੈਸਟ ਹਾਊਸ ਸਾਢੇ ਚਾਰ ਏਕੜ ਵਿਚ ਫੈਲਿਆ ਹੋਇਆ ਹੈ। ਹਾਲਾਂਕਿ ਇਸ ਦੇ ਬਿਲਕੁਲ ਸਾਹਮਣੇ ਉਸ ਸਮੇਂ ਦੀ ਬਣੀ ਵੱਡੀ ਰਸੋਈ ਤੇ ਸ਼ਾਇਦ ਨੌਕਰਾਂ ਦੇ ਰਹਿਣ ਲਈ ਕਮਰਿਆਂ ਦੀ ਇਮਾਰਤ ਵੀ ਬਿਲਕੁਲ ਨਜ਼ਦੀਕ ਹੈ। ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਨਹਿਰ ਕਿਨਾਰੇ ਦਾ ਇਹ ਰੈਸਟ ਹਾਊਸ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਫਿਲਹਾਲ ਇਹ ਰੈਸਟ ਹਾਊਸ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਕੋਲ ਹੈ ਤੇ ਇਸ ਦੇ ਇੱਕ ਹਿੱਸੇ ਵਿੱਚ ਵਿਭਾਗ ਦੀ ਮੁਲਾਜ਼ਮ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਭਾਵੇਂ ਕਾਂਗਰਸ ਦੀ ਸਰਕਾਰ ਰਹੀ ਜਾਂ ਅਕਾਲੀ ਦਲ ਤੇ ਹੁਣ ਆਪ ਦਾ ਸ਼ਾਸਨ ਹੈ ਪਰ ਕਿਸੇ ਨੇ ਵੀ ਇਸ ਰੈਸਟ ਹਾਊਸ ਦੀ ਦਸ਼ਾ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ।