18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਿੰਡ ਧਨੇਰ ਵਿਖੇ ਹਰੇ-ਭਰੇ ਰੁੱਖ ਪੁੱਟੇ ਜਾਣ ਦੀ ਪੁਸ਼ਟੀ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਕਾਰਵਾਈ ਜ਼ੀਰੋ-ਸਵਾਲਾਂ ਦੇ ਘੇਰੇ 'ਚ ਅਧਿਕਾਰੀ

ਅਜੀਤ ਡੈਸਕ 14-02-2026
ਮਹਿਲ ਕਲਾਂ, 13 ਫ਼ਰਵਰੀ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਖ਼ਰਚੇ ਅਤੇ ਵਾਤਾਵਰਨ ਪੱਖੀ ਦਾਅਵਿਆਂ ਦੀ ਫ਼ੂਕ ਉਸ ਵੇਲੇ ਨਿਕਲਦੀ ਦਿਖਾਈ ਦਿੱਤੀ, ਜਦੋਂ ਪਿੰਡ ਧਨੇਰ ਵਿਖੇ ਕਬਰਸਤਾਨ ਦੀ ਸਰਕਾਰੀ ਜਗ੍ਹਾ ਵਿਚੋਂ ਦਰਜਨ ਤੋਂ ਵੱਧ ਹਰੇ-ਭਰੇ ਰੁੱਖ ਗੈਰ-ਕਾਨੂੰਨੀ ਤਰੀਕੇ ਨਾਲ ਪੁੱਟੇ ਜਾਣ ਦੇ ਮਾਮਲੇ ਵਿਚ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ | ਪਿੰਡ ਵਾਸੀਆਂ ਵਲੋਂ 2 ਫਰਵਰੀ ਨੂੰ ਬੀ.ਡੀ.ਪੀ.ਓ. ਮਹਿਲ ਕਲਾਂ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਅਤੇ ਵਿਭਾਗੀ ਅਧਿਕਾਰੀਆਂ ਵਲੋਂ ਮੌਕੇ 'ਤੇ ਜਾ ਕੇ ਦਰਖ਼ਤ ਪੁੱਟੇ ਜਾਣ ਦੀ ਕੀਤੀ ਗਈ ਪੁਸ਼ਟੀ ਦੇ ਬਾਵਜੂਦ, ਹੁਣ ਤੱਕ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵਿਰੁੱਧ ਕਾਨੂੰਨੀ ਸ਼ਿਕੰਜਾ ਨਾ ਕੱਸਿਆ ਜਾਣਾ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਬੀ.ਡੀ.ਪੀ.ਓ. ਬਨਦੀਪ ਸਿੰਘ ਖ਼ੁਦ ਮੰਨ ਰਹੇ ਹਨ ਕਿ ਜਾਂਚ ਦੌਰਾਨ ਦਰਖ਼ਤ ਪੁੱਟੇ ਜਾਣ ਦੀ ਗੱਲ ਸਹੀ ਪਾਈ ਗਈ ਹੈ ਅਤੇ ਇਹ ਜਗ੍ਹਾ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ, ਪਰ ਦੂਜੇ ਪਾਸੇ ਗ੍ਰਾਮ ਪੰਚਾਇਤ ਦਾ ਪੱਖ ਸੁਣਨ ਤੋਂ ਬਾਅਦ ਅੱਗੇ ਗੱਲ ਵਧਦੀ ਨਜ਼ਰ ਨਹੀਂ ਆ ਰਹੀ | ਪਿੰਡ ਵਾਸੀਆਂ ਵਲੋਂ ਗ੍ਰਾਮ ਪੰਚਾਇਤ 'ਤੇ ਲਗਾਏ ਗਏ ਮਿਲੀ ਭੁਗਤ ਦੇ ਦੋਸ਼ਾਂ ਅਤੇ ਸਰਪੰਚ ਦੇ ਪਤੀ ਵਲੋਂ ਇਸ ਮਾਮਲੇ ਤੋਂ ਅਨਜਾਣਤਾ ਪ੍ਰਗਟਾਉਣ ਨੇ ਮਾਮਲੇ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਹੈ | ਲੋਕਾਂ ਦਾ ਸਵਾਲ ਹੈ ਕਿ ਰੁੱਖਾਂ ਦਾ ਉਜਾੜਾ ਸਾਬਤ ਹੋ ਚੁੱਕਾ ਹੈ, ਤਾਂ ਪ੍ਰਸ਼ਾਸਨ ਕਿਸ ਦੀ ਸਰਪ੍ਰਸਤੀ ਹੇਠ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਵਾਤਾਵਰਨ ਦੇ ਹੋ ਰਹੇ ਇਸ ਘਾਣ ਵਿਰੁੱਧ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜੋ ਹੁਣ ਸਰਕਾਰ ਤੋਂ ਸਿਰਫ਼ ਲਾਰੇ ਨਹੀਂ ਬਲਕਿ ਵਾਤਾਵਰਨ ਦੇ ਦੋਖੀਆਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ | ਇਸ ਸਬੰਧੀ ਜਦੋਂ ਡੀ.ਡੀ.ਪੀ.ਓ. ਬਰਨਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸੋਮਵਾਰ ਨੂੰ ਖ਼ੁਦ ਜਾ ਕੇ ਉਸ ਜਗ੍ਹਾ ਦਾ ਮੌਕਾ ਦੇਖਿਆ ਹੈ, ਇਹ ਥਾਂ ਵਕਫ਼ ਬੋਰਡ ਦੀ ਮਾਲਕੀ ਹੇਠ ਆਉਂਦੀ ਹੈ, ਇਸ ਲਈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਦੋਸ਼ੀਆਂ ਵਿਰੁੱਧ ਕਾਰਵਾਈ ਹੋਣ ਜਾਂ ਨਾ ਹੋਣ ਨੂੰ ਲੈ ਕੇ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ |

ਪਿਛਲੀ ਖ਼ਬਰ ਗਰੋਵਰ ਹਸਪਤਾਲ ਵਿਖੇ ਫਲਦਾਰ ਬੂਟਿਆਂ ਦੀ ਵੰਡ ਅੱਜ <br/> ਅਗਲੀ ਖ਼ਬਰ ਪੰਜਾਬ ਦੇ ਲੋਕ 2027 'ਚ ਅਕਾਲੀ ਸਰਕਾਰ ਬਣਾਉਣ 'ਚ ਹੋਏ ਉਤਾਵਲੇ-ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।