ਸਠਿਆਲਾ, 13 ਫਰਵਰੀ (ਜਗੀਰ ਸਿੰਘ ਸਫਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਵਿਚੋਂ ਬਾਹਰ ਆਉਣ ਨਾਲ ਜਿਥੇ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਨੇ, ਉਥੇ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਲੋਕ 2027 'ਚ ਅਕਾਲੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਗਏ ਹਨ | ਇਨਾਂ ਉਕਤ ਸਤਰਾਂ ਦਾ ਪ੍ਰਗਟਾਵਾ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਨੇ ਪ੍ਰੈਸ ਕੋਲ ਕੀਤਾ | ਇਸ ਮੌਕੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਆਪ ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਮਜੀਠੀਆ 'ਤੇ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਦਰਜ ਕੀਤਾ ਗਿਆ, ਜਿਸ ਦਾ ਮੁੱਖ ਕਾਰਨ ਮਜੀਠੀਆ ਵਲੋਂ ਮਾਨ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕਮਾਰੂ ਨੀਤੀਆਂ ਨੂੰ ਉਜਾਗਰ ਕੀਤਾ ਜਾਣਾ ਸੀ ਪਰ ਮਾਣਯੋਗ ਸੁਪਰੀਮ ਕੋਰਟ ਨੇ ਸਰਕਾਰ ਦੇ ਬੇਬੁਨਿਆਦ ਤੇ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਇਸ ਝੂਠੇ ਕੇਸ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ | ਉਨਾਂ ਨੇ ਕਿਹਾ ਮਜੀਠੀਆ ਦੇ ਜੇਲ੍ਹ ਵਿਚੋਂ ਬਾਹਰ ਆਉਣ ਨਾਲ ਅਕਾਲੀ ਆਗੂਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਤੇ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਨੂੰ 2027 ਵਿਚ ਚੱਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣਗੇ ਤੇ ਜਿਸ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ | ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਾ: ਸਰਪੰਚ ਦਲਵਿੰਦਰ ਸਿੰਘ, ਇੰਸ: ਸਰਬਜੀਤ ਸਿੰਘ ਬੱਲ, ਗੁਰਮੇਜ ਸਿੰਘ ਬੱਟ, ਹਰਪਾਲ ਸਿੰਘ ਬਾਰੀਆ, ਪ੍ਰਧਾਨ ਪੂਰਨ ਸਿੰਘ ਸਠਿਆਲਾ, ਰਣਜੀਤ ਸਿੰਘ ਮੱਲੀ, ਪ੍ਰਧਾਨ ਜਸਬੀਰ ਸਿੰਘ ਚੱਠਾ ਆਦਿ ਹਾਜ਼ਰ ਸਨ |