ਬਰਨਾਲਾ, 13 ਫਰਵਰੀ (ਨਰਿੰਦਰ ਅਰੋੜਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਜਾਣਕਾਰੀ ਦਿੰਦਿਆਂ ਸੂਬਾ ਜੁਆਇੰਟ ਸਕੱਤਰ ਡਾ: ਰਣਜੀਤ ਸਿੰਘ ਸੋਹੀ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸੂਬਾ ਕਮੇਟੀ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਕਰਵਾਈਆਂ ਜਾ ਰਹੀਆਂ ਲੜੀਵਾਰ ਕਨਵੈੱਨਸ਼ਨਾਂ ਤਹਿਤ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ 21 ਫਰਵਰੀ ਦਿਨ ਸ਼ਨੀਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਈ ਜਾਵੇਗੀ | ਇਹ ਕਨਵੈੱਨਸ਼ਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਾਬਾ ਬੋਹੜ ਸਵ: ਡਾ: ਕੁਲਵੰਤ ਰਾਏ ਪੰਡੋਰੀ ਦੀ ਯਾਦ ਨੂੰ ਸਮਰਪਿਤ ਹੋਵੇਗੀ ਜਿਸ ਵਿਚ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਮੈਡੀਕਲ ਪੈ੍ਰਕਟੀਸ਼ਨਰਜ਼ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਅਤੇ ਸੂਬਾ ਕਮੇਟੀ ਦੇ ਆਗੂ ਉਚੇਚੇ ਤੌਰ 'ਤੇ ਪਹੁੰਚਣਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਡਾ: ਅਮਰਜੀਤ ਸਿੰਘ ਕਾਲਸਾਂ, ਬਲਾਕ ਪ੍ਰਧਾਨ ਡਾ: ਮੋਹਨ ਲਾਲ ਜਲੂਰ, ਬਲਾਕ ਪ੍ਰਧਾਨ ਡਾ: ਬਿੱਕਰ ਸਿੰਘ ਸ਼ਹਿਣਾ, ਜ਼ਿਲ੍ਹਾ ਖ਼ਜ਼ਾਨਚੀ ਡਾ: ਜਗਰੂਪ ਸਿੰਘ ਬੜੈਚ, ਡਾ: ਬਾਰੂ ਖ਼ਾਨ ਮਹਿਲ ਕਲਾਂ, ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਦਵਿੰਦਰ ਕੁਮਾਰ ਬਰਨਾਲਾ ਆਦਿ ਹਾਜ਼ਰ ਸਨ |