ਮਲੇਰਕੋਟਲਾ, 13 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਪਿਛਲੇ 100 ਸਾਲ ਤੋਂ ਸਥਾਪਿਤ ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਪ੍ਰਮੁੱਖ ਸੇਵਾਦਾਰ ਮਹੰਤ ਹਰਪਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਅਸਥਾਨ ਦੇ ਬਿਲਕੁਲ ਨਜ਼ਦੀਕ ਪਿੰਡ ਢੱਡੇਵਾੜੀ ਨੇੜੇ ਹੱਡਾਰੋੜੀ ਬਣੀ ਹੋਈ ਹੈ ਤੇ ਆਉਣ ਵਾਲੇ ਸ਼ਰਧਾਲੂ ਉਨ੍ਹਾਂ ਨੂੰ ਰੋਜ਼ਾਨਾ ਹੀ ਦੱਸਦੇ ਸਨ | ਉਨ੍ਹਾਂ ਵਲੋਂ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣੀ ਇਹ ਹੱਡਾਰੋੜੀ ਦੇ ਗੰਦ ਨੂੰ ਖ਼ਤਮ ਕਰਨ ਲਈ ਭਗਤ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਢੱਡੇਵਾੜੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗਾਂ ਉਪਰੰਤ ਇਹ ਹੱਡਾਰੋੜੀ ਵਾਲੇ ਸਥਾਨ ਤੇ ਵੱਡੇ-ਵੱਡੇ ਟੋਏ ਪੁਟਵਾ ਕੇ ਜੇ.ਸੀ.ਬੀ. ਦੀ ਮਦਦ ਨਾਲ ਸਾਰੇ ਮਿ੍ਤਕ ਪਸ਼ੂਆਂ, ਜਾਨਵਰਾਂ ਤੇ ਗੰਦ ਨੂੰ ਇਹਨਾਂ ਟੋਇਆਂ ਵਿਚ ਜ਼ਮੀਨਦੋਜ਼ ਕਰਵਾ ਦਿੱਤਾ ਗਿਆ ਹੈ | ਹੱਡਾਰੋੜੀ ਦੇ ਬਿਲਕੁਲ ਨਾਲ ਲੱਗਦਾ ਇਸੇ ਪਿੰਡ ਢੱਡੇਵਾੜੀ ਦੇ ਰਾਮਦਾਸੀਆ ਪਰਿਵਾਰਾਂ ਦਾ ਧਾਰਮਿਕ ਸਥਾਨ ਹੈ | ਜਿੱਥੇ ਇੱਕ ਜੰਡ ਦਾ ਦਰਖ਼ਤ ਸੁਸ਼ੋਭਿਤ ਹੈ ਅਤੇ ਉਸ ਦੇ ਕੋਲੇ ਹੀ ਇਨ੍ਹਾਂ ਪਰਿਵਾਰਾਂ ਵਲੋਂ ਇਸ ਅਸਥਾਨ ਦੇ ਨਿਰਮਾਣ ਕਰਨ ਲਈ ਇੱਟਾਂ ਵੀ ਸੁਟਵਾਈਆਂ ਹੋਈਆਂ ਹਨ | ਜ਼ਿਕਰਯੋਗ ਹੈ ਕਿ ਇਸ ਅਸਥਾਨ 'ਤੇ ਰਵਿਦਾਸੀਆ ਪਰਿਵਾਰਾਂ ਦੇ ਲੜਕੇ ਦੇ ਵਿਆਹ ਤੋਂ ਦੂਜੇ ਦਿਨ ਵਿਆਹੁਤਾ ਜੀਵਨ ਦੀ ਸੁੱਖ-ਸ਼ਾਂਤੀ ਲਈ ਪੁਰਾਤਨ ਰਸਮ ਛਿੱਟੀਆਂ ਖੇਡਦੇ ਹਨ | ਇਸ ਹੱਡਾਰੋੜੀ ਤੋਂ ਸਿਰਫ਼ 100 ਫੁੱਟ ਦੀ ਦੂਰੀ ਤੇ ਹੀ ਪਿੰਡ ਮਾਨਮਾਜਰੇ ਦੀ ਗੁੱਗਾ-ਮਾੜੀ ਸੁਸ਼ੋਭਿਤ ਹੈ ਅਤੇ ਬਿਲਕੁਲ ਨਜ਼ਦੀਕ ਸਰਕਾਰੀ ਹਾਈ ਸਕੂਲ ਇਮਾਮਗੜ੍ਹ ਵੀ ਸਥਿਤ ਹੈ ਜਿਸ ਵਿਚ ਪੜ੍ਹਨ ਲਈ ਸੈਂਕੜੇ ਬੱਚੇ ਰੋਜ਼ਾਨਾ ਇਸ ਸਥਾਨ ਕੋਲੋਂ ਦੀ ਗੁਜ਼ਰਦੇ ਹਨ | ਉਪਰੋਕਤ ਜਾਣਕਾਰੀ ਦਿੰਦਿਆਂ ਮਹੰਤ ਹਰਪਾਲ ਦਾਸ ਨੇ ਦੱਸਿਆ ਕਿ ਇਸ ਹੱਡਾਰੋੜੀ ਨੂੰ ਇਸ ਥਾਂ 'ਤੋਂ ਚੁਕਵਾਉਣ ਲਈ ਛੇਤੀ ਹੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਇਹ ਹੱਡਾਰੋੜੀ ਸੜਕ ਤੋਂ ਕਿਧਰੇ ਦੂਰ ਤਬਦੀਲ ਕਰਨ ਲਈ ਬਿਨੈ ਪੱਤਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਇਸ ਹੱਡਾਰੋੜੀ ਦੇ ਬਿਲਕੁਲ ਨਾਲ ਲੱਗਦੇ ਧਾਰਮਿਕ ਸਥਾਨ ਉੱਪਰ ਚਾਰ ਦੀਵਾਰੀ ਕਰਕੇ, ਫੁੱਲਦਾਰ ਬੂਟੇ ਲਗਾ ਕੇ ਇਸ ਨੂੰ ਪਾਰਕ ਦਾ ਸੁੰਦਰ ਰੂਪ ਦਿੱਤਾ ਜਾਵੇਗਾ |