ਰੂੜੇਕੇ ਕਲਾਂ, 27 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਪੈਟਰੋਲ ਪੰਪ ਰੂੜੇਕੇ ਕਲਾਂ ਵਿਖੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਅਤੇ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪੁਲਿਸ ਨੂੰ ਲਿਖਾਏ ਬਿਆਨ ਰਾਹੀਂ ਨੌਜਵਾਨ ਬਾਬੂ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੈਰੇ ਨੇ ਦੱਸਿਆ ਹੈ ਕਿ ਉਹ ਅਤੇ ਉਸ ਦੇ ਸਾਥੀ ਬਰਨਾਲਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਸਿੰਘ ਨੌਕਰੀ ਕਰਦੇ ਸਨ | ਪਿਛਲੀ ਰਾਤ ਉਹ ਪਿੰਡ ਪੱਖੋ ਕਲਾਂ ਵਿਖੇ ਆਪਣੇ ਦੋਸਤ ਦੇ ਵਿਆਹ ਸਮਾਗਮ ਦੇ ਪ੍ਰੋਗਰਾਮ ਤੋਂ ਰਾਤ ਸਮੇਂ ਪਿੰਡ ਪੱਖੋ ਕਲਾਂ ਤੋਂ ਰੂੜੇਕੇ ਕਲਾਂ ਨੂੰ ਮੁੱਖ ਮਾਰਗ ਰਾਹੀਂ ਜਾ ਰਹੇ ਸਨ | ਜਦੋਂ ਉਨ੍ਹਾਂ ਦੀ ਗੱਡੀ ਪੈਟਰੋਲ ਪੰਪ ਰੂੜੇਕੇ ਕਲਾਂ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਅਤੇ ਮੁੱਖ ਮਾਰਗ 'ਤੇ ਬਣੇ ਖੱਡਿਆਂ ਤੇ ਅੱਗਿਓਾ ਵਹੀਕਲ ਦੀਆਂ ਤੇਜ਼ ਲਾਈਟਾਂ ਪੈਣ ਕਾਰਨ ਗੱਡੀ ਬੇਕਾਬੂ ਹੋ ਕੇ ਮਾਰਗ ਕਿਨਾਰੇ ਖੜ੍ਹੇ ਰੁੱਖ ਨਾਲ ਟਕਰਾਉਣ ਕਰ ਕੇ ਸੜਕ ਹਾਦਸਾ ਵਾਪਰ ਗਿਆ | ਸੜਕ ਹਾਦਸੇ 'ਚ ਉਸ ਦੇ ਸਮੇਤ ਉਸ ਦੇ ਦੋਸਤ ਰਾਜਪ੍ਰੀਤ ਖ਼ਾਨ ਉਮਰ 22 ਸਾਲ ਪੁੱਤਰ ਬੂਟਾ ਖ਼ਾਨ ਵਾਸੀ ਬਾਸੋ ਪੱਤੀ ਪੱਖੋ ਕਲਾਂ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਹਿਲ ਕਲਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਿ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਜਿੱਥੇ ਡਾਕਟਰਾਂ ਨੇ ਨੌਜਵਾਨ ਰਾਜਪ੍ਰੀਤ ਖ਼ਾਨ ਪੁੱਤਰ ਬੂਟਾ ਖ਼ਾਨ ਨੂੰ ਮਿ੍ਤਕ ਐਲਾਨ ਦਿੱਤਾ | ਦੂਜੇ ਜ਼ਖ਼ਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਬਾਬੂ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੈਰੇ ਦੇ ਬਿਆਨ ਅਨੁਸਾਰ 194 ਬੀ.ਐਨ.ਐਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿਤੀ ਗਈ ਹੈ | ਮੌਕੇ 'ਤੇ ਹਾਜ਼ਰ ਨੌਜਵਾਨ ਆਗੂ ਗਗਨਦੀਪ ਸਿੰਘ ਪੱਖੋ ਕਲਾਂ ਨੇ ਦੱਸਿਆ ਕਿ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਪਿਛਲੇ ਸਮੇਂ ਤੋਂ ਲੈ ਕੇ ਸੜਕ ਹਾਦਸਿਆਂ 'ਚ ਮੌਤਾਂ ਹੋ ਰਹੀਆਂ ਹਨ ਅਤੇ ਵਹੀਕਲਾਂ ਦਾ ਨੁਕਸਾਨ ਹੋ ਰਿਹਾ ਹੈ | ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਧਿਆਨ 'ਚ ਲਿਆਉਣ ਦੇ ਬਾਵਜੂਦ ਮੁੱਖ ਮਾਰਗ 'ਤੇ ਬਣੇ ਵੱਡੇ ਖੱਡਿਆਂ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ |