ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਸਤਿਸੰਗ ਘਰ ਪਿੰਡ ਪੱਖੋ ਕਲਾਂ ਵਿਖੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੂੰ ਲਿਖਾਏ ਬਿਆਨ ਰਾਹੀਂ ਸੁਖਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅਕਲੀਆ ਨੇ ਦੱਸਿਆ ਕਿ ਉਸ ਦਾ ਲੜਕਾ ਪਰਵਿੰਦਰ ਸਿੰਘ ਉਰਫ਼ ਜਗਦੀਪ ਸਿੰਘ (27 ਸਾਲ) ਧਨੌਲਾ ਸ਼ਹਿਰ ਵਿਖੇ ਏ.ਸੀ ਰਿਪੇਅਰ ਦਾ ਕੰਮ ਕਰਦਾ ਸੀ | ਪਿਛਲੀ ਦਿਨੀਂ ਸ਼ਾਮ ਕਰੀਬ 8 ਵਜੇ ਉਸ ਦਾ ਲੜਕਾ ਪਰਵਿੰਦਰ ਸਿੰਘ ਬਰਨਾਲਾ-ਮਾਨਸਾ ਮੁੱਖ ਮਾਰਗ ਰਾਹੀਂ ਆਪਣੇ ਪਿੰਡ ਅਕਲੀਆ ਜਾ ਰਿਹਾ ਸੀ, ਜਦੋਂ ਉਹ ਸਤਿਸੰਗ ਘਰ ਨਜ਼ਦੀਕ ਪਿੰਡ ਪੱਖੋ ਕਲਾਂ ਵਿਖੇ ਪਹੁੰਚਿਆ ਤਾਂ ਨਾਮਾਲੂਮ ਵਹੀਕਲ ਦੇ ਨਾਮਾਲੂਮ ਚਾਲਕ ਨੇ ਆਪਣਾ ਵਹੀਕਲ ਤੇਜ਼ ਰਫ਼ਤਾਰ ਤੇ ਅਣਗਹਿਲੀ ਨਾਲ ਲਿਆ ਕੇ ਉਸ ਦੇ ਲੜਕੇ ਦੇ ਮੋਟਰਸਾਈਕਲ ਦੇ ਵਿਚ ਮਾਰਿਆ | ਜਿਸ ਕਰ ਕੇ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ | ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ | ਜਿੱਥੇ ਕਿ ਲੜਕੇ ਨੂੰ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ ਹੈ | ਇਹ ਸੜਕ ਹਾਦਸਾ ਅਣਪਛਾਤੇ ਵਿਅਕਤੀ ਦੇ ਵਹੀਕਲ ਦੀ ਗ਼ਲਤੀ ਕਾਰਨ ਹੋਇਆ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਪਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਵਾਸੀ ਅਕਲੀਆ ਦੇ ਬਿਆਨ ਅਨੁਸਾਰ ਨਾਮਾਲੂਮ ਵਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |