ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਲ 2026-27 ਲਈ 1487.41 ਕਰੋੜ ਰੁਪਏ ਦਾ ਪਾਸ ਕੀਤਾ ਗਿਆ ਬਜਟ ਸਿੱਖ ਸਮਾਜ ਅਤੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਲਈ ਲਾਹੇਵੰਦ ਕਦਮ ਸਾਬਤ ਹੋਵੇਗਾ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਨੇ ਸਾਂਝੇ ਤੌਰ 'ਤੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਬਜਟ ਵਿਚ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਸਾਬਤ-ਸੂਰਤ ਸਿੱਖ ਵਿਦਿਆਰਥੀਆਂ ਲਈ ਆਈ.ਏ.ਐਸ ਅਤੇ ਆਈ.ਪੀ.ਐਸ ਅਫ਼ਸਰ ਬਣਨ ਦੀ ਕੋਚਿੰਗ ਦਾ ਪੂਰਾ ਖਰਚਾ ਉਠਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ | ਇਸ ਮਕਸਦ ਲਈ 5 ਕਰੋੜ ਰੁਪਏ ਦੀ ਵਿਸ਼ੇਸ਼ ਰਕਮ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਚਾਹੇ ਕੋਈ ਵਿਦਿਆਰਥੀ ਪੰਜਾਬ ਵਿਚ ਜਾਂ ਦੇਸ਼ ਦੇ ਕਿਸੇ ਵੀ ਸ਼ਹਿਰ ਵਿਚ ਕੋਚਿੰਗ ਲੈਣਾ ਚਾਹੇ, ਸੰਸਥਾ ਵਲੋਂ ਉਸ ਦੀ ਪੂਰੀ ਮਦਦ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਦੇ ਕਈ ਨੌਜਵਾਨ ਉੱਚ ਸਿੱਖਿਆ ਅਤੇ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਰੁਖ ਕਰ ਗਏ, ਜਿਸ ਨਾਲ ਸਰਕਾਰੀ ਅਹੁਦਿਆਂ 'ਤੇ ਸਿੱਖ ਅਧਿਕਾਰੀਆਂ ਦੀ ਗਿਣਤੀ ਘਟ ਗਈ | ਹੁਣ ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਦੇ ਹੋਏ ਉੱਚ ਸਿੱਖਿਆ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਅੱਗੇ ਆਉਣ ਦਾ ਮੌਕਾ ਮਿਲੇਗਾ | ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ | ਇਸ ਮੌਕੇ ਭਾਈ ਗੁਰਵਿੰਦਰ ਸਿੰਘ ਲਵਲੀ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ੍ਹ, ਬੀ.ਸੀ. ਵਿੰਗ ਪ੍ਰਧਾਨ ਕੁਲਵੰਤ ਸਿੰਘ ਜਗਦੇ, ਹਰਜਿੰਦਰ ਸਿੰਘ ਖ਼ਾਲਸਾ ਮਾਂਗੇਵਾਲ ਅਤੇ ਹਰਪਿੰਦਰ ਸਿੰਘ ਰੰਧਾਵਾ ਹਮੀਦੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ |