ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਦੀ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਤਿਹਾਸਕ ਕਟੌਤੀਆਂ ਕਰ ਕੇ ਸੂਬੇ ਦੇ ਲੋਕਾਂ ਲਈ ਆਰਥਿਕ ਰਾਹਤ ਮੁਹੱਈਆ ਕਰਵਾਈ ਹੈ | ਇਹ ਸ਼ਬਦ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਨਵੀਂ ਦਿਸ਼ਾ, ਵਿਕਾਸ ਅਤੇ ਭਵਿੱਖ ਦੀ ਸੁਰੱਖਿਆ ਦਾ ਸੁਨੇਹਾ ਮਿਲੇਗਾ | ਬੀਬੀ ਘਨੌਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿਕਾਸ ਅਤੇ ਹਰ ਵਰਗ ਦੇ ਭਲੇ ਲਈ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਮਜ਼ਬੂਤ ਵਿਦੇਸ਼ ਅਤੇ ਵਪਾਰ ਨੀਤੀ ਕਾਰਨ ਦੇਸ਼ ਵਿਚ ਤੇਲ ਅਤੇ ਗੈਸ ਦੀ ਸਪਲਾਈ ਲਗਾਤਾਰ ਜਾਰੀ ਹੈ ਅਤੇ ਰਿਜ਼ਰਵ ਭੰਡਾਰ ਪਹਿਲਾਂ ਹੀ ਤਿਆਰ ਹਨ | ਇਸ ਨਾਲ ਨਾ ਕੇਵਲ ਆਮ ਲੋਕਾਂ ਨੂੰ ਆਰਥਿਕ ਰਾਹਤ ਮਿਲੀ ਹੈ, ਬਲਕਿ ਸੂਬੇ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਰਹੀ ਹੈ | ਬੀਬੀ ਘਨੌਰੀ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਸੂਬੇ ਦੇ ਲੋਕਾਂ ਲਈ ਲਗਾਤਾਰ ਸਹੂਲਤ ਅਤੇ ਵਿਕਾਸ ਦੇ ਰਾਹ ਪ੍ਰਦਾਨ ਕਰ ਰਹੀਆਂ ਹਨ | ਉਨ੍ਹਾਂ ਨੇ ਕਿਹਾ, ਪੰਜਾਬ ਨਵੀਂ ਦਿਸ਼ਾ ਅਤੇ ਵਿਕਾਸ ਭਾਲ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਡਬਲ ਇੰਜਣ ਯੋਜਨਾਵਾਂ ਹੀ ਇਹ ਸਭ ਸੰਭਵ ਕਰ ਸਕਦੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਭਲਾਈ ਅਤੇ ਸੁਰੱਖਿਆ ਚਾਹੁੰਦੇ ਹਨ |