ਚੰਡੀਗੜ੍ਹ, 30 ਮਾਰਚ (ਸੰਦੀਪ ਕੁਮਾਰ ਮਾਹਨਾ)ਲਗਭਗ ਇਕ ਦਹਾਕੇ ਪੁਰਾਣੇ ਚਰਚਿਤ ਮਾਮਲੇ 'ਚ ਵੱਡਾ ਕਾਨੂੰਨੀ ਘਟਨਾਕ੍ਰਮ ਸਾਹਮਣੇ ਆਇਆ ਹੈ | ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਅਦਾਲਤ ਨੇ ਸਾਲ 2013 'ਚ ਦਰਜ ਮਾਰਕੁੱਟ ਤੇ ਐਸ.ਸੀ.-ਐਸ.ਟੀ. ਐਕਟ ਨਾਲ ਸੰਬੰਧਿਤ ਮਾਮਲੇ ਵਿਚ ਹੇਠਲੀ ਅਦਾਲਤ ਵਲੋਂ ਦਿੱਤੀ ਗਈ ਦੋਸ਼ਸਿੱਧੀ ਅਤੇ ਸਜ਼ਾ ਨੂੰ ਰੱਦ ਕਰਦੇ ਹੋਏ ਵਿਧਾਇਕ ਲਾਲਪੁਰਾ ਸਮੇਤ ਹੋਰ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ | ਮਾਮਲੇ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀੜਤ ਪੱਖ ਤੇ ਦੋਸ਼ੀਆਂ ਵਿਚਕਾਰ ਆਪਸੀ ਸਮਝੌਤਾ ਹੋ ਚੁੱਕਾ ਹੈ | ਇਸੇ ਸਮਝੌਤੇ ਨੂੰ ਆਧਾਰ ਬਣਾਉਂਦਿਆਂ ਹਾਈ ਕੋਰਟ ਨੇ ਮਾਮਲੇ ਦਾ ਮੁੜ ਤੋਂ ਮੁਲਾਂਕਣ ਕੀਤਾ ਤੇ ਪਾਇਆ ਕਿ ਹੁਣ ਇਸ ਵਿਵਾਦ ਨੂੰ ਅੱਗੇ ਵਧਾਉਣਾ ਨਿਆਂ ਦੇ ਹਿੱਤ ਵਿਚ ਨਹੀਂ ਹੋਵੇਗਾ | ਅਦਾਲਤ ਨੇ ਸਪੱਸ਼ਟ ਕੀਤਾ ਕਿ ਜਦੋਂ ਦੋਵੇਂ ਪੱਖ ਮਾਮਲੇ ਨੂੰ ਖਤਮ ਕਰਨ 'ਤੇ ਸਹਿਮਤ ਹਨ ਤਾਂ ਸਜ਼ਾ ਨੂੰ ਬਰਕਰਾਰ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ | ਜ਼ਿਕਰਯੋਗ ਹੈ ਕਿ ਸਾਲ 2013 ਵਿਚ ਦਰਜ ਇਸ ਮਾਮਲੇ 'ਚ ਦੋਸ਼ ਲਗਾਇਆ ਗਿਆ ਸੀ ਕਿ ਇਕ ਮਹਿਲਾ ਨਾਲ ਮਾਰਕੁੱਟ ਕੀਤੀ ਗਈ ਅਤੇ ਐਸਸੀ-ਐਸਟੀ ਐਕਟ ਅਧੀਨ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਸਨ | ਹੇਠਲੀ ਅਦਾਲਤ ਨੇ ਸੁਣਵਾਈ ਤੋਂ ਬਾਅਦ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਹੋਰ ਕਥਿਤ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਸੀ, ਜਿਸ ਖ਼ਿਲਾਫ਼ ਉਨ੍ਹਾਂ ਨੇ ਹਾਈ ਕੋਰਟ 'ਚ ਅਪੀਲ ਕੀਤੀ ਸੀ | ਇਹ ਮਾਮਲਾ ਲੰਬੇ ਸਮੇਂ ਤੱਕ ਵਿਚਾਰਧੀਨ ਰਿਹਾ | ਆਪਸੀ ਸਮਝੌਤੇ ਕਾਰਨ ਇਸ ਫੈਸਲੇ ਤੋਂ ਬਾਅਦ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ ਦੋਸ਼ੀਆਂ ਨੂੰ ਵੱਡੀ ਰਾਹਤ ਮਿਲੀ ਹੈ |
ਹਾਈ ਕੋਰਟ ਵਲੋਂ ਵਿਧਾਇਕ ਲਾਲਪੁਰਾ ਸਮੇਤ ਸਾਰੇ ਦੋਸ਼ੀ ਬਰੀ
ਅਜੀਤ ਡੈਸਕ
31-03-2026