ਤਪਾ ਮੰਡੀ, 30 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਭਰ ਵਿਚ ਅੱਤ ਦੀ ਗਰਮੀ ਦੇ ਬਾਵਜੂਦ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ | ਬੱਚੇ, ਬਜ਼ੁਰਗਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ | ਲੰਮੇ ਕੱਟ ਲੱਗਣ ਕਾਰਨ ਜਨ ਜੀਵਨ ਤੇ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ | ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿਚ ਲੱਗ ਰਹੇ ਕੱਟਾਂ ਕਾਰਨ ਖੇਤੀ ਸੈਕਟਰ ਵੀ ਪ੍ਰਭਾਵਿਤ ਹੋ ਰਿਹਾ ਹੈ | ਇਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਤਹਿਸੀਲ ਕੰਪਲੈਕਸ ਤਪਾ ਵਿਖੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸੂਬਾ ਸਰਕਾਰ ਦੀ ਮਾੜੀ ਯੋਜਨਾਬੰਦੀ ਦੀ ਆਲੋਚਨਾ ਕਰਦੇ ਹੋਏ, ਗਰਮੀ ਵਿਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਤੁਰੰਤ ਬਿਜਲੀ ਸਪਲਾਈ ਬਹਾਲ ਕਰਨ ਦੀ ਵੀ ਮੰਗ ਕੀਤੀ | ਉਨ੍ਹਾਂ ਆਖਿਆ ਕਿ ਸੱਤਾਧਿਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਵਕਫ਼ੇ ਦੌਰਾਨ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ, ਜਿਸ ਕਰ ਕੇ ਅੱਜ ਸੂਬੇ ਅੰਦਰ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਠੱਗਿਆਂ ਮਹਿਸੂਸ ਕਰ ਰਹੇ ਹਨ | ਅਕਾਲੀ ਦਲ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਬਿਜਲੀ ਸਮਝੌਤੇ ਕਰਨ ਵਿਚ ਅਸਫਲ ਰਹੀ ਹੈ, ਜਿਸ ਕਾਰਨ ਸੂਬਾ ਮੁੜ ਬਿਜਲੀ ਸੰਕਟ ਵੱਲ ਵਧ ਰਿਹਾ ਹੈ | ਸਰਕਾਰ ਇਕ ਪਾਸੇ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ | ਪਰ ਅਣ ਐਲਾਨੇ ਕੱਟਾਂ ਨੇ ਪੰਜਾਬ ਵਾਸੀਆਂ ਨੂੰ ਇਸ ਅੱਤ ਦੀ ਗਰਮੀ ਵਿਚ ਪ੍ਰੇਸ਼ਾਨ ਕੀਤਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸੂਬੇ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਤਹਿਸੀਲ ਕੰਪਲੈਕਸ ਤਪਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸਮੂਹ ਵਰਕਰਾਂ ਸਮੇਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਐੱਸ.ਡੀ.ਐੱਮ ਤਪਾ ਨੂੰ ਇਕ ਮੰਗ-ਪੱਤਰ ਵੀ ਸੌਂਪਿਆ | ਇਸ ਮੌਕੇ ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਢਿਲਵਾਂ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਮਿਸਤਰੀ ਬਲਜਿੰਦਰ ਸਿੰਘ, ਹਰਜਿੰਦਰ ਸਿੰਘ ਪਾਲੀ, ਗੁਰਦੀਪ ਸਿੰਘ ਦਰਾਜ, ਬਿੱਟੂ ਬਰਾੜ, ਗੋਗੀ ਮਹੰਤ, ਗੁਰਮੇਲ ਸਿੰਘ, ਲੱਕੀ ਭੱਟਾ, ਟੀਟੂ ਦੀਕਸ਼ਿਤ, ਗੁਲਾਬ ਕਾਲਾ, ਸੰਦੀਪ ਕੁਮਾਰ ਫੁੱਲੂ, ਮਾਸਟਰ ਪ੍ਰੇਮ ਨਾਥ, ਬੇਅੰਤ ਮਾਂਗਟ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ, ਜਸਵੀਰ ਸਿੰਘ ਧੰਮੀ, ਗੁਰਦੀਪ ਚੱਠਾ, ਸੁਰਿੰਦਰ ਖੱਟਰ, ਜੱਗੀ ਧਨੋਆ, ਮੋਹਿਤ ਮੇਸ਼ੀ, ਰਾਜੂ ਖ਼ਾਨ, ਸੁਖਪਾਲ ਸਿੰਘ ਆਦਿ ਵੱਡੀ ਗਿਣਤੀ 'ਚ ਅਕਾਲੀ ਵਰਕਰ ਮੌਜੂਦ ਸਨ |