21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਹੱਕੀ ਮੰਗਾਂ ਲਈ ਸੰਘਰਸ਼ ਤਿੱਖਾ ਕਰਨ ਦਾ ਅਹਿਦ

ਅਜੀਤ ਡੈਸਕ 02-05-2026
ਮਹਿਲ ਕਲਾਂ, 1 ਮਈ (ਅਵਤਾਰ ਸਿੰਘ ਅਣਖੀ)-ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਯੂਨੀਅਨ ਅਤੇ ਹੋਰ ਜਨਤਕ ਜਥੇਬੰਦੀਆਂ ਵਲੋਂ ਗੁਰਦੁਆਰਾ ਸਾਹਿਬ ਮਹਿਲ ਕਲਾਂ ਦੇ ਦੀਵਾਨ ਹਾਲ 'ਚ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਵਿਸ਼ਾਲ ਸਮਾਗਮ ਜੋਸ਼ ਖਰੋਸ਼ ਨਾਲ ਕਰਵਾਇਆ ਗਿਆ | ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਐਸ.ਕੇ.ਐਮ. ਦੇ ਆਗੂ ਡਾ: ਦਰਸ਼ਨਪਾਲ ਨੇ ਸ਼ਿਕਾਗੋ ਦਾ ਮਹਾਨ ਸੂਰਬੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਹ ਦਿਨ ਮਜ਼ਦੂਰ ਹੱਕਾਂ ਦੀ ਰਾਖੀ ਲਈ ਪ੍ਰੇਰਨਾ ਦਾ ਸ੍ਰੋਤ ਹੈ | ਉਨ੍ਹਾਂ ਮੌਜੂਦਾ ਆਰਥਿਕ ਹਲਾਤਾਂ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਜਦ ਕਿ ਮਜ਼ਦੂਰ ਵਰਗ ਨੂੰ ਬੁਨਿਆਦੀ ਸਹੂਲਤਾਂ ਤੱਕ ਵੀ ਨਹੀਂ ਮਿਲ ਰਹੀਆਂ | ਮਹਿੰਗੇ ਇਲਾਜ ਕਾਰਨ ਬੇਸ਼ੁਮਾਰ ਮਜ਼ਦੂਰ ਆਪਣਾ ਇਲਾਜ ਨਾ ਕਰਵਾ ਸਕਣ ਕਰ ਕੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ | ਨੌਕਰੀ ਨਾ ਮਿਲਣ ਕਾਰਨ ਮਜ਼ਦੂਰਾਂ ਦੇ ਬੱਚੇ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ, ਜੋ ਚਿੰਤਾਜਨਕ ਹੈ | ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ | ਮਜ਼ਦੂਰ ਆਗੂਆਂ ਹਰਜੀਤ ਸਿੰਘ ਖ਼ਿਆਲੀ, ਕਾਮਰੇਡ ਪਰਮਜੀਤ ਕੌਰ ਗੁੰਮਟੀ, ਸਰਪੰਚ ਜਗਰਾਜ ਸਿੰਘ ਟੱਲੇਵਾਲ ਨੇ ਸ਼ਿਕਾਗੋ ਦੇ ਮਹਾਨ ਸੂਰਬੀਰ ਜੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਖਿਡੌਣਿਆਂ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਮਜ਼ਦੂਰਾਂ ਦੇ ਹੱਥਾਂ ਨਾਲ ਬਣਦੀ ਹੈ, ਪਰ ਅਫ਼ਸੋਸ ਇਹ ਹੈ ਕਿ ਮਜ਼ਦੂਰ ਹੀ ਸਭ ਤੋਂ ਵੱਧ ਗ਼ਰੀਬੀ ਅਤੇ ਅਸੁਰੱਖਿਆ ਵਿਚ ਜੀਵਨ ਬਿਤਾਉਣ ਲਈ ਮਜਬੂਰ ਹਨ | ਕਈ ਥਾਵਾਂ 'ਤੇ ਮਜ਼ਦੂਰ ਪਰਿਵਾਰ ਤੰਗ ਅਤੇ ਅਣ ਸੁਖਾਲੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ | ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਵਲ ਇਸ਼ਤਿਹਾਰਬਾਜ਼ੀ ਨਾਲ ਹੀ ਲੋਕਾਂ ਦੀ ਜ਼ਿੰਦਗੀ ਨਹੀਂ ਬਦਲ ਸਕਦੀ ਅਸਲ ਨੀਤੀਆਂ ਅਤੇ ਜ਼ਮੀਨੀ ਕਦਮ ਚੁੱਕਣ ਦੀ ਲੋੜ ਹੈ | ਇਸ ਮੌਕੇ ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਹਰ ਮਜ਼ਦੂਰ ਨੂੰ ਲੋੜ ਅਨੁਸਾਰ ਮਿਹਨਤਨਾਮਾ ਮਿਲੇ, ਕੰਮ ਵਾਲੀਆਂ ਥਾਵਾਂ 'ਤੇ ਸੁਰੱਖਿਆ ਅਤੇ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ ਅਤੇ ਲੇਬਰ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਨਾ ਕਰ ਕੇ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਿਆ ਜਾਵੇ | ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਵਿਸ਼ੇਸ਼ ਨੀਤੀਆਂ ਬਣਾਉਣ ਦੀ ਵੀ ਮੰਗ ਕੀਤੀ ਗਈ | ਸਮਾਗਮ ਦੌਰਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਮਜ਼ਦੂਰ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ | ਇਸ ਮੌਕੇ ਅਮਰਜੀਤ ਸਿੰਘ ਮਹਿਲ ਖੁਰਦ, ਜਗਸੀਰ ਸਿੰਘ ਛੀਨੀਵਾਲ, ਗੁਰਦੀਪ ਸਿੰਘ ਐਫ਼.ਸੀ.ਆਈ, ਬਲਦੇਵ ਸਿੰਘ ਸਹਿਜੜਾ, ਭਾਕਿਯੂ ਸਿੱਧੂਪੁਰ ਦੇ ਬਲਵਿੰਦਰ ਸਿੰਘ ਬਿੰਦੂ, ਮੁਖ਼ਤਿਆਰ ਸਿੰਘ ਧਨੇਰ, ਰਾਜਦੀਪ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਹਰਪਾਲ ਕੌਰ, ਸਾਧੂ ਸਿੰਘ ਛੀਨੀਵਾਲ ਅਤੇ ਅਮਨਦੀਪ ਕੌਰ ਆਦਿ ਆਗੂਆਂ ਨੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ |

ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਮੈਂਬਰਾਂ ਦੇ ਵਧੇ ਹੋਏ ਹੱਦ ਕਰਜ਼ੇ ਨਾ ਲਾਗੂ ਕਰਨਾ ਸਰਕਾਰ ਅਤੇ ਸਹਿਕਾਰਤਾ ਵਿਭਾਗ ਦਾ ਕਿਸਾਨਾਂ ਨਾਲ ਧੋ... ਅਗਲੀ ਖ਼ਬਰ ਦਸਵੀਂ ਵਾਰ ਕਬਜ਼ਾ ਵਾਰੰਟ ਦਾ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।