06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਕਾਲੀ ਆਗੂ ਜੱਸੀ ਮੰਨਵੀ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ 'ਟਕਸਾਲੀ ਅਕਾਲੀਆਂ ਨੂੰ ਇਕ ਮਾਲਾ 'ਚ ਪ੍ਰੋਣ ਦੀ ਕਵਾਇਦ' ਸ਼ੁਰੂ <br/>

ਅਜੀਤ ਡੈਸਕ 11-05-2026
ਮਾਲੇਰਕੋਟਲਾ, 10 ਮਈ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ 'ਸਿਆਸੀ ਰਣਖੇਤਰ' ਤੱਤਾ ਹੋਣ ਲੱਗਿਆ ਹੈ | ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਤੇ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਮਾਰਦਿਆਂ ਆਗਾਮੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਫ਼ਾਦਾਰ ਸਾਥੀਆਂ ਚੋਂ ਇੱਕ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ ਜੱਸੀ ਮੰਨਵੀਂ ਵੱਲੋਂ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਦਿੱਤੇ 'ਰਾਜਨੀਤਿਕ ਥਾਪੜੇ' ਦੇ ਚਲਦਿਆਂ ਹਲਕਾ ਅਮਰਗੜ੍ਹ ਦੇ ਅੰਦਰ 'ਮੈਰਾਥਨ' ਮੀਟਿੰਗਾਂ ਰਾਹੀਂ ਆਪਣੇ ਘਰਾਂ ਅੰਦਰ ਬੈਠੇ ਟਕਸਾਲੀ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪਣੇ ਨਾਲ ਤੋਰਨ ਦੀ 'ਕਵਾਇਦ' ਸ਼ੁਰੂ ਕਰ ਦਿੱਤੀ ਹੈ | ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਬਜ਼ੁਰਗ ਅਕਾਲੀ ਆਗੂ ਜੋ ਕਛਹਿਰੇ ਪਰਨੇ ਲੈ ਕੇ ਅਕਾਲੀ ਮੋਰਚਿਆਂ ਦਾ ਹਿੱਸਾ ਬਣਦੇ ਸਨ ਉਨ੍ਹਾਂ ਵਲੋਂ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਪਰ ਹੁਣ ਜੱਸੀ ਮੰਨਵੀ ਦੀ ਹਲਕੇ ਅੰਦਰ ਆਮਦ ਤੋਂ ਬਾਅਦ ਬਜ਼ੁਰਗ ਤੇ ਨੌਜਵਾਨ ਆਗੂਆਂ ਅੰਦਰ ਇੱਕ ਖੁਸ਼ੀ ਦਾ ਵੱਖਰਾ ਹੀ ਆਲਮ ਵੇਖਿਆ ਜਾ ਸਕਦਾ ਹੈ | ਜੱਸੀ ਮੰਨਵੀਂ ਵਲੋਂ ਪਿੰਡਾਂ ਅੰਦਰ ਜਾ ਕੇ ਆਪਣੇ ਘਰਾਂ ਅੰਦਰ ਪੁਰਾਣੀ ਲੀਡਰਸ਼ਿਪ ਤੋਂ ਕਿਨਾਰਾ ਕਰੀ ਬੈਠੇ ਬਜ਼ੁਰਗ ਤੇ ਨੌਜਵਾਨਾਂ ਨੂੰ 'ਅਕਾਲੀਅਤ ਤੇ ਟਕਸਾਲੀਅਤ' ਦਾ ਵਾਸਤਾ ਪਾ ਕੇ ਪਾਰਟੀ ਦੇ ਨਾਲ ਤੋਰ ਲਿਆ ਹੈ | ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਪੰਥ ਪ੍ਰਸਤ ਅਕਾਲੀ ਵਰਕਰ ਤੇ ਆਗੂ ਜੱਸੀ ਮੰਨਵੀਂ ਨੂੰ ਆਪਣਾ ਆਗੂ ਮੰਨ ਕੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਹਨ | ਹਲਕਾ ਅਮਰਗੜ੍ਹ ਦੇ ਅੰਦਰ ਲਗਭਗ ਸਾਰਾ ਪੁਰਾਣਾ ਟਕਸਾਲੀ ਕੇਡਰ ਇਸ ਨੌਜਵਾਨ ਆਗੂ ਨੂੰ ਆਪਣਾ ਸਮਰਥਨ ਦੇ ਕੇ ਆਉਣ ਵਾਲੇ ਸੰਭਾਵੀ ਭਵਿੱਖ ਨੂੰ ਤਲਾਸ਼ ਰਿਹਾ ਜਾਪਦਾ ਹੈ | ਹਲਕੇ ਦੇ ਪਿੰਡਾਂ ਅੰਦਰ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜੱਸੀ ਮੰਨਵੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥਕ ਪਾਰਟੀ ਹੈ ਇਸ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਪੰਥਕ ਸੋਚ ਨੂੰ ਪ੍ਰਣਾਇਆ ਹੋਇਆ ਨੌਜਵਾਨ ਵਰਗ ਤੇ ਬਜ਼ੁਰਗ ਸਾਡਾ ਸਰਮਾਇਆ ਹਨ, ਇਨ੍ਹਾਂ ਦਾ ਨਾਲ ਤੁਰ ਪੈਣਾ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸ਼ਗਨ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਦੇਵ ਸਿੰਘ ਸੇਹਕੇ, ਸਰਪੰਚ ਗੁਰਿੰਦਰ ਸਿੰਘ, ਮਨਪ੍ਰੀਤ ਸਿੰਘ ਟਿਵਾਣਾ, ਸਰਪੰਚ ਰਾਮ ਸਿੰਘ ਮੰਨਵੀ ਸਣੇ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ <br/> ਅਗਲੀ ਖ਼ਬਰ ਕਾਂਗੜਾ ਨੇ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦਾ ਕੀਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।