ਮਹਿਲ ਕਲਾਂ, 10 ਮਈ (ਅਵਤਾਰ ਸਿੰਘ ਅਣਖੀ)-ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਵਲੋਂ ਏਕ ਜੋਤ ਹਸਪਤਾਲ ਮਲੇਰਕੋਟਲਾ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਠੁੱਲੀਵਾਲ ਦੀ ਐਸ.ਸੀ. ਧਰਮਸ਼ਾਲਾ ਵਿਖੇ 28ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਗੁਰਦੁਆਰਾ ਜੰਡਸਰ ਸਾਹਿਬ ਦੇ ਮੁਕੰਦ ਸਿੰਘ, ਪ੍ਰਧਾਨ ਹਰਤੇਜ ਸਿੰਘ ਸਿੱਧੂ, ਸੰਮਤੀ ਮੈਂਬਰ ਹਰਜੀਤ ਸਿੰਘ ਗੋਗੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਬੋਲਦਿਆਂ ਆਗੂਆਂ ਨੇ ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅਜਿਹੇ ਮੁਫ਼ਤ ਕੈਂਪ ਸਮੇਂ ਦੀ ਵੱਡੀ ਲੋੜ ਹਨ | ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਵਾਪਸ ਮਿਲਣ ਨਾਲ ਮਨੁੱਖ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ | ਇਸ ਤੋਂ ਸੇਧ ਲੈ ਕੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਪਿਆਰਾ ਸਿੰਘ ਮਾਹਮਦਪੁਰ ਨੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਕਰਨਾ ਹੀ ਸਾਡਾ ਅਸਲ ਧਰਮ ਹੈ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸੁੰਦਰ ਸੰਸਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹੇ, ਇਸੇ ਮਕਸਦ ਨਾਲ ਇਹ ਸੇਵਾ ਜਾਰੀ ਰਹੇਗੀ | ਇਸ ਦੌਰਾਨ ਏਕ ਜੋਤ ਆਈ ਹਸਪਤਾਲ ਮਲੇਰਕੋਟਲਾ ਦੇ ਅੱਖਾਂ ਦੇ ਮਾਹਿਰ ਡਾ: ਅਜੇ ਕੁਮਾਰ ਯਾਦਵ ਅਤੇ ਡਾ: ਸੰਦੀਪ ਸਿੰਘ ਨੇ ਆਪਣੀ ਟੀਮ ਸਮੇਤ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਲੋੜਵੰਦਾਂ ਨੂੰ ਐਨਕਾਂ ਵੰਡੀਆਂ ਗਈਆਂ ਅਤੇ ਲਗਭਗ 20 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ | ਰਵਿਦਾਸ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ, ਸੰਦੀਪ ਸਿੰਘਾ, ਸਰਪੰਚ ਪਰਮਜੀਤ ਕੌਰ ਸਿੱਧੂ ਅਤੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਠੁੱਲੀਵਾਲ ਵਲੋਂ ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਅਤੇ ਸਮੂਹ ਡਾਕਟਰੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੇਵਾ ਸਿੰਘ ਠੁੱਲੀਵਾਲ, ਜਸਵਿੰਦਰ ਸਿੰਘ ਜੱਸੀ, ਹਰਜਿੰਦਰ ਸਿੰਘ ਸੋਹੀ, ਜਗਤਾਰ ਸਿੰਘ ਬਿੱਲੂ ਪੰਜਗਰਾਈਆਂ, ਅਮਰਜੀਤ ਸਿੰਘ ਖਹਿਰਾ ਗੰਡੇਵਾਲ, ਬਖ਼ਸ਼ੀਸ਼ ਸਿੰਘ ਆਦਿ ਹਾਜ਼ਰ ਸਨ |