ਹੰਡਿਆਇਆ, 11 ਮਈ (ਗੁਰਜੀਤ ਸਿੰਘ ਖੱੁਡੀ)-ਆਊਟਲੈਟ (ਹੰਡਿਆਇਆ) ਵਿਖੇ ਸਕਿਉਰਿਟੀ ਗਾਰਡ ਅਤੇ ਸੁਪਰਵਾਈਜ਼ਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਊਟਲੈਟ (ਹੰਡਿਆਇਆ) ਦੇ ਸਕਿਉਰਿਟੀ ਗਾਰਡ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਤੇਜਾ ਸਿੰਘ ਵਾਸੀ ਬੀਕਾ ਸੂਚ ਪੱਤੀ ਹੰਡਿਆਇਆ ਨੇ ਬਿਆਨ ਦਰਜ ਕਰਵਾਏ ਕਿ ਰਾਤ 9:30 ਵਜੇ ਪੈਟਰੋਲ ਪੰਪ ਵਾਲੀ ਸਾਈਡ ਗੱਡੀ ਨੰਬਰ ਯੂ.ਪੀ 15 ਬੀ.ਸੀ-0376 ਦੇ ਡਰਾਈਵਰ ਨੇ ਇਕਦਮ ਬਰੇਕਾਂ ਮਾਰੀਆਂ ਤੇ ਗੱਡੀ ਭਜਾ ਕੇ ਲੈ ਗਿਆ | ਫਿਰ ਆਪਣੀ ਗੱਡੀ ਲਿਜਾ ਕੇ ਸਵਾਗਤ ਰੈਸਟੋਰੈਂਟ ਦੇ ਪਿੱਛੇ ਖੜ੍ਹੀ ਕਰ ਲਈ ਅਤੇ ਉਥੇ ਬਾਹਰ ਨਿਕਲਦੇ ਹੀ 5-6 ਨਾਮਾਲੂਮ ਵਿਅਕਤੀ ਕਾਲੇ ਰੰਗ ਦੀ ਗੱਡੀ ਕੋਲ ਖੜ੍ਹੇ ਸੀ ਜਿੰਨਾ ਪਾਸ ਰਿਵਾਲਵਰ ਫੜਿਆ ਹੋਇਆ ਸੀ, ਗਾਲ਼ੀ-ਗਲੋਚ ਕਰਨ ਲੱਗੇ ਤੇ ਧਮਕੀਆਂ ਦੇਣ ਲੱਗੇ | ਉੱਥੇ ਸੁਪਰਵਾਈਜ਼ਰ ਸਰਬਜੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਧੌਲਾ ਵੀ ਆ ਗਿਆ | ਉੱਥੇ ਕਾਰ ਸਵਾਰ 5-6 ਵਿਅਕਤੀਆਂ ਦਾ ਆਪਸ 'ਚ ਲੜਾਈ ਝਗੜਾ ਹੋ ਗਿਆ | ਜਿਨ੍ਹਾਂ ਨੂੰ ਜਗਜੀਤ ਸਿੰਘ ਤੇ ਸਰਬਜੀਤ ਸਿੰਘ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਕ ਵਿਅਕਤੀ ਨੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ | ਸਾਡੇ ਦੋਹਾਂ ਦੇ ਗਲ ਪੈ ਗਏ, ਸਾਡੇ ਦੋਹਾਂ 'ਤੇ ਜਾਨਲੇਵਾ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ | ਤਫ਼ਤੀਸ਼ੀ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਰਿੰਪਨ ਸਿੰਘ ਵਾਸੀ ਜੇਠੂਕੇ (ਬਠਿੰਡਾ) ਅਤੇ 5-6 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕਰ ਕੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਰਿਵਾਲਵਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ |