27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬਰਨਾਲਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਵੋਟਰ ਸੂਚੀਆਂ 'ਚ ਛੇੜਛਾੜ ਦੇ ਲੱਗੇ ਦੋਸ਼ <br/>

ਅਜੀਤ ਡੈਸਕ 18-05-2026
ਬਰਨਾਲਾ, 17 ਮਈ (ਰਾਜ ਪਨੇਸਰ)-ਨਗਰ ਨਿਗਮ ਬਰਨਾਲਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਰ ਸੂਚੀਆਂ ਵਿਚ ਦਰਜ ਨਾਵਾਂ ਦੀ ਇੱਕ ਵਾਰਡ ਤੋਂ ਦੂਜੇ ਵਾਰਡ ਵਿਚ ਤਬਦੀਲੀ ਕਰਨ ਦੀ ਪ੍ਰਕਿਰਿਆ ਨੇ ਬਰਨਾਲਾ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ | ਪ੍ਰਸ਼ਾਸਨ ਵਲੋਂ ਵੋਟਾਂ 'ਚ ਕੀਤੀ ਜਾ ਰਹੀ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸੋਮਵਾਰ ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨੇ 'ਤੇ ਬੈਠਣਗੇ ਅਤੇ ਜੇਕਰ ਲੋੜ ਪਈ ਤਾਂ ਬਰਨਾਲਾ ਦੀਆਂ ਸਾਰੀਆਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ | ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਅਜਿਹੇ ਪੱਕੇ ਸਬੂਤ ਮਿਲੇ ਹਨ ਕਿ ਸੱਤਾਧਾਰੀ ਆਗੂਆਂ ਦੇ ਇਸ਼ਾਰੇ 'ਤੇ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ | ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਕੁੱਝ ਵੋਟਰਾਂ ਵਲੋਂ ਭਰੇ ਫਾਰਮਾਂ 'ਤੇ ਦਸਤਖ਼ਤ ਵੀ ਜਾਅਲੀ ਕੀਤੇ ਜਾ ਰਹੇ ਹਨ ਜੋ ਲੋਕਤੰਤਰਿਕ ਪ੍ਰਕਿਰਿਆ ਲਈ ਚਿੰਤਾਜਨਕ ਹੈ | ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਬੀਤੇ ਦਿਨੀਂ ਲਿਖਤੀ ਤੌਰ 'ਤੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਕੁੱਝ ਅਧਿਕਾਰੀਆਂ ਵਲੋਂ ਇੱਕ ਵਾਰਡ ਤੋਂ ਦੂਜੇ ਵਾਰਡ ਵਿਚ ਵੋਟਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਸਥਾਨਕ ਸੱਤਾਧਾਰੀ ਆਗੂਆਂ ਦੇ ਇਸ਼ਾਰੇ 'ਤੇ ਹੀ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਵਿਚ ਸਖ਼ਤ ਵਿਰੋਧ ਹੋਣ ਤੋਂ ਬਾਅਦ ਸੱਤਾਧਾਰੀ ਆਗੂਆਂ ਨੂੰ ਆਪਣੀ ਹਾਰ ਨਿਸ਼ਚਿਤ ਦਿਖਾਈ ਦੇ ਰਹੀ ਹੈ | ਵਿਧਾਇਕ ਢਿੱਲੋਂ ਨੇ ਦੋਸ਼ ਲਾਇਆ ਕਿ ਸਥਾਨਕ ਸੱਤਾਧਾਰੀ ਆਗੂ ਆਪਣੀ ਅਸਫਲਤਾ ਦੇ ਕਾਰਨ ਨਗਰ ਨਿਗਮ ਚੋਣਾਂ ਲੜਨ ਦੀ ਜੁਰਅਤ ਛੱਡ ਬੈਠੇ ਹਨ | ਇਸੇ ਲਈ ਉਹ ਚੋਣਾਂ ਲੁੱਟਣ ਦੇ ਰਾਹ 'ਤੇ ਪਏ ਹੋਏ ਹਨ | ਵਿਧਾਇਕ ਢਿੱਲੋਂ ਨੇ ਸਖ਼ਤ ਲਹਿਜ਼ੇ ਵਿਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤੇ ਕਰਵਾਇਆ ਕਿ ਗ਼ਲਤ ਤਰੀਕੇ ਨਾਲ ਇੱਕ ਵਾਰਡ ਤੋਂ ਦੂਜੇ ਵਾਰਡ ਵਿਚ ਤਬਦੀਲ ਕੀਤੀਆਂ ਜਾ ਰਹੀਆਂ ਵੋਟਾਂ ਦੇ ਮਾਮਲੇ ਨੂੰ ਉਹ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਛੱਡਣਗੇ ਸਗੋਂ ਜੇਕਰ ਇਹ ਮਾਮਲਾ ਹਾਈਕੋਰਟ ਤੱਕ ਲਿਜਾਣਾ ਪਿਆ ਤਾਂ ਉਹ ਲੈ ਕੇ ਜਾਣਗੇ |

ਪਿਛਲੀ ਖ਼ਬਰ ਪ੍ਰੇਮ ਕੁਮਾਰ ਨੂੰ ਬੂਟਾ ਸਿੰਘ ਦੀ ਹਮਾਇਤ 'ਚ ਬਿਠਾਉਣ 'ਚ ਹੋਏ ਸਫਲ ਹਲਕਾ ਇੰਚਾਰਜ ਧਾਲੀਵਾਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨੂੰ ਮੱਲ੍ਹੀ ਨੂੰ ਮਿਲ ਰਿਹਾ ਵੋਟਰਾਂ ਦਾ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।