ਭਦੌੜ, 19 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)- 26 ਮਈ ਨੂੰ ਨਗਰ ਕੌਂਸਲ ਭਦੌੜ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਮਜੀਤ ਸਿੰਘ ਘੁੱਗੀ ਦੇ ਹੱਕ 'ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਉਮੀਦਵਾਰ ਕਰਮਜੀਤ ਸਿੰਘ ਘੁੱਗੀ ਨੇ ਵੱਖ-ਵੱਖ ਮੁਹੱਲਿਆਂ ਅੰਦਰ ਜਾ ਕੇ ਡੋਰ ਟੂ ਡੋਰ ਵੋਟਾਂ ਮੰਗੀਆਂ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਉਮੀਦਵਾਰ ਕਰਮਜੀਤ ਸਿੰਘ ਘੁੱਗੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਐਮ.ਸੀ. ਚੋਣ ਆਪਸੀ ਭਾਈਚਾਰਕ ਤੇ ਪਰਿਵਾਰਕ ਚੋਣ ਹੈ, ਜਿਸ ਦੌਰਾਨ ਅਸੀਂ ਜਿੱਥੇ ਇੱਕ ਦੂਜੇ ਦੇ ਦੱੁਖ ਦੇ ਸੁੱਖ ਦੇ ਹਾਮੀ ਬਣਨਾ ਹੈ, ਉੱਥੇ ਆਪਣੇ ਵਾਰਡ ਅੰਦਰਲੀਆਂ ਤਰੁੱਟੀਆਂ ਨੂੰ ਦੂਰ ਕਰਨਾ ਜੇਤੂ ਵਿਅਕਤੀ ਦਾ ਮੁੱਢਲਾ ਫ਼ਰਜ਼ ਬਣਦਾ ਹੈ ਪਰ ਵਾਰਡ ਦੇ ਹਲਾਤਾਂ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਸੱਤਾਧਾਰੀਆਂ ਨੇ ਸਰਕਾਰ ਦਾ ਸੁੱਖ ਹੀ ਮਾਣਿਆ ਹੈ ਲੋਕਾਂ ਹਿਤਾਂ ਲਈ ਕੰਮ ਕਰਨ ਨੂੰ ਕੋਈ ਪਹਿਲਾ ਨਹੀਂ ਦਿੱਤੀ ਜਿਸ ਕਰ ਕੇ ਅੱਜ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਸਮੇਤ ਹਾਲਾਤ ਬਹੁਤ ਮਾੜੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਆਪਣਾ ਫ਼ਤਵਾ ਦੇ ਕੇ ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਉ ਤਾਂ ਜੋ ਅਜਿਹੇ ਤਰਸਯੋਗ ਹਾਲਾਤ ਕਦੇ ਨਾ ਹੋਣ ਦਿੱਤੇ ਜਾਣ |