ਤਪਾ ਮੰਡੀ, 19 ਮਈ (ਵਿਜੇ ਸ਼ਰਮਾ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਵਿਦਿਆਰਥੀਆਂ ਨੇ ਬਜ਼ੁਰਗਾਂ ਦੇ ਜੀਵਨ ਅਨੁਭਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਤੋਂ ਜੀਵਨ ਦੀਆਂ ਮਹੱਤਵਪੂਰਨ ਸਿੱਖਿਆਵਾਂ ਪ੍ਰਾਪਤ ਕੀਤੀਆਂ | ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਜੀਵਨ ਸੰਘਰਸ਼, ਮੁੱਲਾਂ ਅਤੇ ਤਜਰਬਿਆਂ ਨੂੰ ਜਾਣਿਆ, ਜਿਸ ਨਾਲ ਉਨ੍ਹਾਂ ਵਿਚ ਸਤਿਕਾਰ, ਸੇਵਾ ਭਾਵਨਾ ਅਤੇ ਮਨੁੱਖਤਾ ਦੀ ਭਾਵਨਾ ਹੋਰ ਮਜ਼ਬੂਤ ਹੋਈ | ਇਸ ਮੌਕੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਵਿਚ ਸੇਵਾ ਕਰ ਕੇ ਆਪਣਾ ਯੋਗਦਾਨ ਦਿੱਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਗਰਗ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਅਤੇ ਵੱਡਿਆਂ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਵਿਕਸਿਤ ਕਰਦੇ ਹਨ | ਵਿਦਿਆਰਥੀਆਂ ਲਈ ਇਹ ਦੌਰਾ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਰਿਹਾ |