11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਲੈਰੀਕਲ ਕਾਮੇ 12 ਨੂੰ ਕਰਨਗੇ ਹੜਤਾਲ

ਅਜੀਤ ਡੈਸਕ 05-06-2026
ਬਰਨਾਲਾ, 4 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਦਰ ਪਿਛਲੇ ਲੰਮੇ ਸਮੇਂ ਤੋਂ ਕਲੈਰੀਕਲ ਸਟਾਫ਼ ਦੀਆਂ ਮੰਗਾਂ ਲਟਕ ਰਹੀਆਂ ਹਨ | ਜਿਸ ਸੰਬੰਧੀ ਕਈ ਵਾਰ ਮੰਗ-ਪੱਤਰ ਵੀ ਦਿੱਤੇ ਗਏ ਹਨ ਅਤੇ ਪਿਛਲੇ ਸਮੇਂ ਦੌਰਾਨ ਵਿਭਾਗੀ ਮੁਖੀ ਨਾਲ ਮੀਟਿੰਗਾਂ ਕਰ ਕੇ ਵੀ ਮੰਗਾਂ ਨੂੰ ਧਿਆਨ 'ਚ ਲਿਆਂਦਾ ਗਿਆ, ਪ੍ਰੰਤੂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ | ਜਿਸ ਕਰ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਲੈਰੀਕਲ ਕਾਮਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਡਬਲਿਊ.ਡੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਰਵਿਸਜ਼ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਜੱਗਾ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੁਪਰਡੈਂਟ ਗ੍ਰੇਡ-1 ਦੀਆਂ ਤਰੱਕੀਆਂ ਲਮਕ ਰਹੀਆਂ ਹਨ, ਸੁਪਰਡੈਂਟ ਗ੍ਰੇਡ-2 ਦੀਆਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਤਰੱਕੀਆਂ ਨਹੀਂ ਹੋਈਆਂ ਅਤੇ ਨਾ ਹੀ ਸੀਨੀਅਰ ਸਹਾਇਕ ਦੀ ਤਰੱਕੀ ਹੋਈ | ਇੱਥੋਂ ਤੱਕ ਕਿ ਸਰਕਾਰ ਵਲੋਂ 50-50 ਦੇ ਆਧਾਰ 'ਤੇ ਪਲੇਸਮੈਂਟ ਦਾ ਪੱਤਰ ਵੀ ਵਾਪਸ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਨੋਟੀਫ਼ਿਕੇਸ਼ਨ ਦੇ ਬਾਵਜੂਦ 01.01.2004 ਤੋਂ ਪਹਿਲਾਂ ਜਿਨ੍ਹਾਂ ਕਰਮਚਾਰੀਆਂ ਦਾ ਨੌਕਰੀ ਲਈ ਪੱਤਰ ਵਿਹਾਰ ਸ਼ੁਰੂ ਕੀਤਾ ਗਿਆ ਸੀ, ਉਨ੍ਹਾਂ ਨੂੰ ਪੁਰਾਣੀ ਪੈਨਸ਼ਨ 'ਚ ਸ਼ਾਮਿਲ ਕਰਨਾ ਸੀ ਪਰ ਲੰਮੇ ਸਮੇਂ ਤੋਂ ਇਹ ਕੇ ਮੁੱਖ ਦਫ਼ਤਰ ਪਟਿਆਲਾ ਵਿਖੇ ਲਟਕ ਰਹੇ ਹਨ | ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੀਆਂ ਛੁੱਟੀਆਂ ਦੀ ਪਾਵਰ ਦਾ ਕੇਂਦਰੀਕਰਨ ਕੀਤਾ ਗਿਆ ਹੈ, ਜਦਕਿ ਪੀ.ਡਬਲਿਊ.ਡੀ. ਬਾਕੀ ਵਿਭਾਗਾਂ ਅੰਦਰ ਹਰ ਤਰ੍ਹਾਂ ਦੀਆਂ ਛੁੱਟੀਆਂ ਦੀ ਪਾਵਰ ਡੀ.ਡੀ.ਓ ਪੱਧਰ 'ਤੇ ਹੈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਜਥੇਬੰਦੀ ਵਲੋਂ 12 ਜੂਨ ਨੂੰ ਸਮੁੱਚੇ ਪੰਜਾਬ ਵਿਚ ਹੜਤਾਲ ਕਰ ਕੇ ਕੰਮ ਠੱਪ ਕੀਤਾ ਜਾਵੇਗਾ | ਜਥੇਬੰਦੀ ਦੇ ਚੇਅਰਮੈਨ ਹਰਭਜਨ ਸਿੰਘ ਖੁੰਗਰ, ਸੂਬਾ ਵਿੱਤ ਸਕੱਤਰ ਸਤਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਕਮਲਵੀਰ ਸਿੰਘ ਸੰਧੂ, ਸੰਦੀਪ ਜੋਸ਼ੀ, ਐਡੀਸ਼ਨਲ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਜੱਸਲ, ਜਥੇਬੰਦਕ ਸਕੱਤਰ ਪਰਵਿੰਦਰ ਸਿੰਘ ਗਿੱਲ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਅਟਵਾਲ ਨੇ ਵਿਭਾਗ ਦੇ ਕਲੈਰੀਕਲ ਕਾਮਿਆਂ ਨੂੰ ਅਪੀਲ ਕੀਤੀ ਕਿ 12 ਜੂਨ ਨੂੰ ਪੰਜਾਬ ਭਰ 'ਚ ਸਮੂਹਿਕ ਛੁੱਟੀ ਲੈ ਕੇ ਜਥੇਬੰਦੀ ਦੇ ਸੰਘਰਸ਼ 'ਚ ਸ਼ਾਮਿਲ ਹੋਣ |
ਪਿਛਲੀ ਖ਼ਬਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦਾ ਵਤੀਰਾ ਨਿੰਦਣਯੋਗ- ਦਰਸ਼ਨ ਸਿੰਘ ਪੰਡੋਰੀ ਅਗਲੀ ਖ਼ਬਰ ਪੁਲਿਸ ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਕੀਤੀ ਨਾਕਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।