ਸ਼ਹਿਣਾ, 4 ਜੂਨ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੀ ਪਲੇਠੀ ਮੀਟਿੰਗ ਦੌਰਾਨ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਚੇਅਰਪਰਸਨ ਪਵਨਦੀਪ ਕੌਰ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਸਮੇਂ ਬਾਦਲ ਸਿੰਘ ਵਾਈਸ ਚੇਅਰਮੈਨ, ਜੁਗਰਾਜ ਸਿੰਘ ਬੀ.ਡੀ.ਪੀ.ਓ., ਅਵਤਾਰ ਸਿੰਘ ਪੰਚਾਇਤ ਅਫ਼ਸਰ, ਰਿਸਵ ਸ਼ਰਮਾ, ਜਸਪ੍ਰੀਤ ਕੌਰ ਸੁਪਰਡੈਂਟ, ਬੇਅੰਤ ਸਿੰਘ, ਪਵਨਦੀਪ ਸਿੰਘ, ਤੇਜਿੰਦਰ ਸਿੰਘ, ਗੋਰਾ ਸਿੰਘ, ਪ੍ਰਗਟ ਸਿੰਘ, ਪ੍ਰੇਮ ਸਿੰਘ, ਸ਼ਰਨਜੀਤ ਕੌਰ, ਸੀਮਾ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਕਰਮਜੀਤ ਕੌਰ, ਸੁਖਦੀਪ ਕੌਰ, ਨਿਰਮਲ ਸਿੰਘ, ਮਨਜੀਤ ਕੌਰ, ਕੁਲਵਿੰਦਰ ਕੌਰ, ਰਜਿੰਦਰ ਸਿੰਘ ਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਦਫ਼ਤਰ ਲਈ ਨਵੀਂ ਗੱਡੀ ਸੰਮਤੀ ਵਿਚੋਂ ਲਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਦੌਰਾਨ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨਾਲ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹਨ ਲਈ ਵਿਉਂਤਬੰਦੀ ਕੀਤੀ ਗਈ | ਪੰਚਾਇਤੀ ਜ਼ਮੀਨਾਂ ਦੀ ਬੋਲੀ ਲਈ ਲੋਕਾਂ ਦਾ ਉਤਸ਼ਾਹ ਘੱਟ ਹੋਣ ਕਾਰਨ ਪੰਚਾਇਤੀ ਜ਼ਮੀਨਾਂ ਦੀ ਬੋਲੀ ਘਟਾ ਕੇ ਬੋਲੀ ਕਰਵਾਏ ਜਾਣ ਸਬੰਧੀ ਵੀ ਮਤਾ ਪਾਸ ਕੀਤਾ ਗਿਆ | ਬਲਾਕ ਦੇ ਸੁਧਾਰ ਲਈ ਸੰਮਤੀ ਮੈਂਬਰਾਂ ਦੀ ਪੰਜ ਮੈਂਬਰੀ ਕਮੇਟੀ ਸੰਮਤੀ ਮੈਂਬਰਾਂ ਤੇ ਆਧਾਰਤ ਗਠਿਤ ਕੀਤੀ ਗਈ ਜੋ ਪੁਰਾਣਾ ਸਮਾਨ ਬੋਲੀ ਤੇ ਦਿੱਤਾ ਜਾ ਸਕੇ | ਜੇ.ਸੀ.ਬੀ. ਜੋ ਬਲਾਕ ਵਿਚ ਕਬਾੜ ਬਣੀ ਖੜ੍ਹੀ ਹੈ ਨੂੰ ਕਬਾੜ ਵਿਚ ਵੇਚਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸੰਮਤੀ ਦੇ ਪਿਛਲੇ ਖ਼ਰਚ ਅਤੇ ਆਉਣ ਵਾਲੇ ਸਮਾਗਮਾਂ ਸਬੰਧੀ ਹੋਣ ਵਾਲੇ ਖ਼ਰਚ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ |