ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਇਤਿਹਾਸਿਕ ਪਿੰਡ ਠੀਕਰੀਵਾਲਾ ਵਿਖੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਠੀਕਰੀਵਾਲਾ ਦੇ ਪਿ੍ੰਸੀਪਲ ਸੰਜੇ ਸਿੰਗਲਾ ਦੀ ਬਦਲੀ ਹੋ ਜਾਣ ਦੀ ਖ਼ਬਰ ਮਿਲੀ ਹੈ | ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਾਂ ਅਨੁਸਾਰ ਸੰਜੇ ਸਿੰਗਲਾ ਨੂੰ ਬਰਨਾਲਾ ਜ਼ਿਲ੍ਹੇ ਤੋਂ ਤਬਦੀਲ ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ (ਫ਼ਾਜ਼ਿਲਕਾ) ਵਿਖੇ ਤਾਇਨਾਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸਕੂਲ ਦੀ ਇਕ ਅੱਠਵੀਂ ਜਮਾਤ ਦੀ ਵਿਦਿਆਰਥਣ ਦਾ ਰੋਲ ਨੰਬਰ ਜਾਰੀ ਨਾ ਕੀਤੇ ਜਾਣ ਦੇ ਮਾਮਲੇ ਕਾਰਨ ਸੂਬਾ ਪੱਧਰ 'ਤੇ ਚਰਚਾ ਵਿਚ ਆ ਗਿਆ ਸੀ | ਜਾਣਕਾਰੀ ਅਨੁਸਾਰ ਘੱਟ ਹਾਜ਼ਰੀ ਦਾ ਹਵਾਲਾ ਦਿੰਦਿਆਂ ਵਿਦਿਆਰਥਣ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਉਸ ਦਾ ਰੋਲ ਨੰਬਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਸੀ | ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਸਨ | ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਮਾਮਲੇ ਦੀ ਪੜਤਾਲ ਕਰ ਕੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ | ਭਾਵੇਂ ਵਿਭਾਗ ਵਲੋਂ ਬਦਲੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ, ਪਰ ਸਿੱਖਿਆ ਹਲਕਿਆਂ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਬੰਧਕੀ ਕਾਰਨਾਂ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਗਿਆ ਹੈ | ਇਸ ਤੋਂ ਇਲਾਵਾ ਸਕੂਲ ਲਈ ਮਨਜ਼ੂਰ ਹੋਈ ਵੱਡੀ ਵਿਕਾਸ ਗ੍ਰਾਂਟ ਵਾਪਸ ਜਾਣ ਦੇ ਮਾਮਲੇ ਨੂੰ ਲੈ ਕੇ ਵੀ ਪਿੰਡ 'ਚ ਵਾਦ-ਵਿਵਾਦ ਖੜ੍ਹਾ ਹੋਇਆ ਸੀ | ਸਰਪੰਚ ਕਿਰਨਜੀਤ ਸਿੰਘ ਹੈਪੀ ਨੇ ਪਿ੍ੰਸੀਪਲ ਦੀ ਬਦਲੀ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸਕੂਲ ਪ੍ਰਬੰਧਨ, ਪੰਚਾਇਤ, ਸਕੂਲ ਸਿੱਖਿਆ ਕਮੇਟੀ ਅਤੇ ਪਿੰਡ ਵਾਸੀਆਂ ਵਿਚਕਾਰ ਬਣੇ ਤਣਾਅ ਕਾਰਨ ਸਕੂਲ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਸੀ | ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਨਿਯੁਕਤੀ ਨਾਲ ਸਕੂਲ ਦੇ ਵਿਕਾਸ ਕਾਰਜਾਂ, ਸਿੱਖਿਆ ਨੂੰ ਨਵੀਂ ਗਤੀ ਮਿਲੇਗੀ |