ਤਪਾ ਮੰਡੀ, 7 ਜੂਨ (ਵਿਜੇ ਸ਼ਰਮਾ)-ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਆਪਣੀ ਤਾਜਪੋਸ਼ੀ ਮੌਕੇ ਸੰਬੋਧਨ ਕਰਦਿਆਂ ਹੋਇਆਂ ਹਲਕਾ ਬਰਨਾਲਾ ਦੇ ਦੋ ਵਾਰ ਵਿਧਾਇਕ ਰਹੇ ਮਰਹੂਮ ਅਕਾਲੀ ਆਗੂ ਤੇ ਲੋਕਾਂ ਦੇ ਮਸੀਹਾ ਮਲਕੀਤ ਸਿੰਘ ਕੀਤੂ ਪ੍ਰਤੀ ਵਰਤੀ ਗਈ ਮਾੜੀ ਸ਼ਬਦਾਵਲੀ ਨੂੰ ਲੈ ਕੇ ਅਕਾਲੀ ਦਲ ਦੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਤਹਿਤ ਪਿੰਡ ਤਾਜੋਕੇ ਦੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ, ਸਾਬਕਾ ਸਰਪੰਚ ਬਲਤੇਜ ਸਿੰਘ ਬੋਘਾ ਅਤੇ ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ ਦੀ ਅਗਵਾਈ ਹੇਠ ਪਿੰਡ ਦੀ ਧਰਮਸ਼ਾਲਾ ਕੋਲ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਅਤੇ ਬਲਤੇਜ ਸਿੰਘ ਬੋਘਾ ਕਿਹਾ ਕਿ ਦੋ ਵਾਰ ਦੇ ਵਿਧਾਇਕ ਰਹੇ ਮਰਹੂਮ ਮਲਕੀਤ ਸਿੰਘ ਕੀਤੂ ਵਲੋਂ ਜੋ ਲੋੜਵੰਦ ਲੋਕਾਂ ਨੂੰ ਆਟਾ ਸਕੀਮ ਸ਼ੁਰੂ ਕੀਤੀ ਗਈ ਸੀ, ਉਸ ਨੂੰ ਦੇਖਦਿਆਂ ਹੋਇਆਂ ਹੀ ਪਾਰਟੀਆਂ ਵਲੋਂ ਇਹ ਸਕੀਮ ਨੂੰ ਅਮਲੀ ਜਾਮਾ ਪਹਿਨਾਇਆ ਗਿਆ | ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਉਨ੍ਹਾਂ ਦੇ ਸਪੁੱਤਰ ਕੁਲਵੰਤ ਸਿੰਘ ਕੰਤਾ ਵਲੋਂ ਸਮਾਜ ਸੇਵਾ ਤਹਿਤ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਹੋਇਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਕਿਹਾ ਕਿ ਉਹ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਜਸਵੰਤ ਸਿੰਘ ਕਾਲਾ, ਸ਼ਿੰਗਾਰਾ ਸਿੰਘ, ਲਾਲੀ ਸਿੰਘ, ਭੂਰਾ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ ਭੁੱਲਰ, ਧੰਨਾ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਸੀਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |