05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਸਨਪ੍ਰੀਤ ਭਾਰਦਵਾਜ ਬਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ

ਅਜੀਤ ਡੈਸਕ 12-06-2026
ਬਰਨਾਲਾ, 11 ਜੂਨ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਨਗਰ ਨਿਗਮ ਬਰਨਾਲਾ ਦੇ ਮੇਅਰ ਦੀ ਚੋਣ ਅੱਜ ਦਫ਼ਤਰ ਨਗਰ ਨਿਗਮ ਵਿਖੇ ਸ੍ਰੀ ਰਾਮ ਸਰੂਪ ਅਣਖੀ ਮਿਊਾਸੀਪਲ ਲਾਇਬ੍ਰੇਰੀ 'ਚ ਹੋਈ, ਜਿਸ 'ਚ ਹਸਨਪ੍ਰੀਤ ਭਾਰਦਵਾਜ ਨੂੰ ਨਗਰ ਨਿਗਮ ਬਰਨਾਲਾ ਦਾ ਪਹਿਲਾ ਮੇਅਰ ਚੁਣਿਆ ਗਿਆ | ਚੋਣ ਪ੍ਰਕਿਰਿਆ ਤੋਂ ਪਹਿਲਾਂ ਨਗਰ ਨਿਗਮ ਬਰਨਾਲਾ ਦੇ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ | ਸਹੁੰ ਚੁੱਕ ਸਮਾਗਮ ਤੇ ਚੋਣ ਪ੍ਰਕਿਰਿਆ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਦੀ ਨਿਗਰਾਨੀ ਹੇਠ ਹੋਈ, ਜਿਨ੍ਹਾਂ ਨੇ ਕਨਵੀਨਰ ਵਜੋਂ ਭੂਮਿਕਾ ਨਿਭਾਈ | ਚੋਣ ਤੋਂ ਬਾਅਦ ਹਸਨਪ੍ਰੀਤ ਭਾਰਦਵਾਜ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਦੀ ਹਾਜ਼ਰੀ ਵਿਚ ਨਗਰ ਨਿਗਮ ਬਰਨਾਲਾ ਦੇ ਮੇਅਰ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ | ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਬਰਨਾਲਾ ਦੀ ਮੇਅਰ ਚੋਣ ਦੀ ਪਾਰਟੀ ਪੱਧਰ 'ਤੇ ਨਿਗਰਾਨੀ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਨਵੇਂ ਚੁਣੇ ਮੇਅਰ ਨੂੰ ਵਧਾਈ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਨਵੀਂ ਟੀਮ ਬਰਨਾਲਾ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ | ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਸ਼ਹਿਰੀ ਇਕਾਈਆਂ ਦੀਆਂ ਚੋਣਾਂ ਵਿਚ ਸੂਬੇ ਤੇ ਬਰਨਾਲਾ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕ-ਪੱਖੀ ਨੀਤੀਆਂ ਅਤੇ ਸੁਸ਼ਾਸਨ ਨੂੰ ਭਰਵਾਂ ਸਮਰਥਨ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਫ਼ਤਵਾ ਦਿੱਤਾ ਹੈ | ਲੋਕਾਂ ਦੇ ਇਸੇ ਭਰੋਸੇ ਤੇ ਉਮੀਦਾਂ 'ਤੇ ਖਰਾ ਉੱਤਰਦੇ ਹੋਏ ਆਉਂਦੇ ਸਮੇਂ ਵੀ ਸ਼ਹਿਰਾਂ ਦੇ ਵਿਕਾਸਮੁਖੀ ਪ੍ਰਾਜੈਕਟਾਂ 'ਤੇ ਲਗਾਤਾਰ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਬਰਨਾਲਾ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਐਮ. ਪੀ. ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਨੂੰ ਮਾਡਲ ਸ਼ਹਿਰ ਵਿਕਸਿਤ ਕਰਨ ਦੀ ਸੋਚ ਨਾਲ ਨਗਰ ਨਿਗਮ ਦਾ ਦਰਜਾ ਦਿਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਹੁਣ ਨਵੇਂ ਚੁਣੇ ਮੇਅਰ ਅਤੇ ਕੌਂਸਲਰ ਇਸ ਦਿਸ਼ਾ ਵਿਚ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਨਵੇਂ ਚੁਣੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ ਤੇ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਰਨਾਲਾ ਨੂੰ ਵਿਕਾਸ ਪੱਖੋਂ ਨੰਬਰ ਇਕ ਸ਼ਹਿਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਜ਼ਿਕਰਯੋਗ ਹੈ ਕਿ ਹਸਨਪ੍ਰੀਤ ਭਾਰਦਵਾਜ ਜੋ ਪਹਿਲਾਂ ਮਾਲ ਵਿਭਾਗ 'ਚ ਬਤੌਰ ਪਟਵਾਰੀ ਦੇ ਅਹੁਦੇ 'ਤੇ ਤਾਇਨਾਤ ਸਨ, ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਸਮੇਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਆਪਣਾ ਓ. ਐਸ. ਡੀ. ਨਿਯੁਕਤ ਕਰ ਲਿਆ ਸੀ | ਹਸਨਪ੍ਰੀਤ ਭਾਰਦਵਾਜ ਨੇ ਕਾਫ਼ੀ ਸਮਾਂ ਨਗਰ ਕੌਂਸਲ ਬਰਨਾਲਾ ਦਫ਼ਤਰ ਸਥਿਤ ਕਾਰਜ ਸਾਧਕ ਅਫ਼ਸਰ ਦੀ ਰਿਹਾਇਸ਼ ਵਿਖੇ ਦਫ਼ਤਰ ਸਥਾਪਤ ਕਰ ਕੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੇ ਲੋਕਾਂ ਦੇ ਕੰਮ ਵੀ ਕਰਵਾਏ | ਐਮ. ਪੀ. ਮੀਤ ਹੇਅਰ ਨੇ ਨਜ਼ਦੀਕੀ ਤੇ ਨਗਰ ਕੌਂਸਲ ਦੇ ਕੰਮਾਂ ਦਾ ਤਜਰਬਾ ਹੋਣ ਕਾਰਨ ਉਹ ਕੌਂਸਲਰ ਬਣਨ ਤੋਂ ਬਾਅਦ ਪਹਿਲੇ ਦਿਨ ਤੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਸਨ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ, ਐਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਰੁਪਿੰਦਰ ਸਿੰਘ ਬੰਟੀ ਸ਼ੀਤਲ, ਬਰਨਾਲਾ ਕਲੱਬ ਦੇ ਸੈਕਟਰੀ ਇਸ਼ਵਿੰਦਰ ਸਿੰਘ ਜੰਡੂ, ਚੇਅਰਮੈਨ ਗੁਰਮੀਤ ਸਿੰਘ ਹੰਡਿਆਇਆ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ, ਐਸ. ਡੀ. ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਕੌਂਸਲਰ ਪਰਮਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਰਾਮਣਵਾਸੀਆ, ਰਾਜੀਵ ਗੁਪਤਾ ਲੂਬੀ, ਕੁਲਦੀਪ ਕੁਮਾਰ ਧਰਮਾ, ਬੀਬੀ ਸੁਖਜੀਤ ਕੌਰ ਸੁੱਖੀ, ਲਵਪ੍ਰੀਤ ਦੀਵਾਨਾ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, 'ਆਪ' ਆਗੂ ਬਿੰਦਰ ਸਿੰਘ ਸੰਧੂ, ਨਿਰਮਲ ਸਿੰਘ ਜਾਗਲ, ਅਮਨ ਕਾਲਾ, ਰੋਹਿਤ ਕੁਮਾਰ ਓਸ਼ੋ, ਰਜਤ ਬਾਂਸਲ ਲੱਕੀ, ਧੀਰਜ ਕੁਮਾਰ ਦੱਧਾਹੂਰ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਮਲਕੀਤ ਸਿੰਘ ਸੰਘੇੜਾ, ਜਗਜੀਤ ਸਿੰਘ ਜੱਗੂ ਮੋਰ, ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮੁਨੀਸ਼ ਕੁਮਾਰ ਗਰਗ, ਮਾ. ਭੋਲਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਤਪਾ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਅਗਲੀ ਖ਼ਬਰ ਆਗਾਮੀ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਸਥਾਪਿਤ ਕੀਤਾ ਜਾਵੇਗਾ ਕੰਟਰੋਲ ਰੂਮ-ਏ. ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।