24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਨਵੇਂ ਰਜਬਾਹੇ 'ਚ ਪੂਰਾ ਪਾਣੀ ਨਾ ਆਉਣ 'ਤੇ ਦੁਖੀ ਕਿਸਾਨਾਂ ਵਲੋਂ ਨਾਅਰੇਬਾਜ਼ੀ <br/>

ਅਜੀਤ ਡੈਸਕ 17-06-2026
ਮਹਿਲ ਕਲਾਂ, 16 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਕੁਰੜ ਵਿਖੇ ਨਵੇਂ ਬਣਾਏ ਗਏ ਰਜਬਾਹੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਸਲਾ ਤੁਰੰਤ ਹੱਲ ਦੀ ਮੰਗ ਕੀਤੀ | ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਕਰਨੈਲ ਸਿੰਘ, ਹਰਚੰਦ ਸਿੰਘ ਧਾਲੀਵਾਲ, ਮੋਹਣ ਸਿੰਘ, ਨਛੱਤਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਹਰਦੇਵ ਸਿੰਘ ਜਵੰਦਾ ਆਦਿ ਨੇ ਕਿਹਾ ਕਿ ਸਰਕਾਰ ਵਲੋਂ ਹਾਲ ਹੀ 'ਚ ਨਵਾਂ ਰਜਬਾਹਾ ਤਿਆਰ ਕੀਤਾ ਗਿਆ ਹੈ, ਪਰ ਇਸ 'ਚੋਂ ਨਿਕਲਦੇ ਮੋਘੇ ਦੀ ਬਣਤਰ ਅਜਿਹੀ ਹੈ, ਕਿ ਪਾਣੀ ਲੋੜ ਅਨੁਸਾਰ ਪੂਰਾ ਨਹੀਂ ਆ ਰਿਹਾ | ਇਸ ਕਾਰਨ ਮੋਘੇ ਨਾਲ ਜੁੜੇ ਲਗਭਗ 430 ਏਕੜ ਰਕਬੇ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੌਰਾਨ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਵੇਂ ਰਜਬਾਹੇ 'ਚ ਸਿਰਫ਼ 4 ਇੰਚ ਦਾ ਪਾਈਪ ਲਾ ਕੇ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ | ਉਨ੍ਹਾਂ ਕਿਹਾ ਕਿ ਇੰਨੇ ਵੱਡੇ ਰਕਬੇ ਲਈ ਇਹ ਪਾਈਪ ਨਾਕਾਫ਼ੀ ਹੈ ਅਤੇ ਪਿਛਲੇ 13 ਘੰਟਿਆਂ ਦੌਰਾਨ ਕੇਵਲ ਇੱਕ ਕਿੱਲੇ ਦੇ ਬਰਾਬਰ ਹੀ ਪਾਣੀ ਭਰਿਆ ਜਾ ਸਕਿਆ ਹੈ | ਪਾਈਪ 'ਚ ਝਾੜੀਆਂ ਅਤੇ ਕੂੜਾ ਫਸ ਜਾਣ ਕਾਰਨ ਪਾਣੀ ਦਾ ਵਹਾਅ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਮਜ਼ਦੂਰ ਪਹਿਲਾਂ ਹੀ ਖੇਤਾਂ 'ਚ ਪਹੁੰਚ ਚੁੱਕੇ ਹਨ, ਪਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਤੁਰੰਤ ਮੋਘੇ ਦੀ ਬਣਤਰ ਵਿਚ ਸੁਧਾਰ ਕਰ ਕੇ ਪੂਰਾ ਪਾਣੀ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ | ਅਕਾਲੀ ਆਗੂ ਜਥੇ: ਨਾਥ ਸਿੰਘ ਹਮੀਦੀ, ਪ੍ਰਧਾਨ ਕੁਲਵੰਤ ਸਿੰਘ ਜਗਦੇ, ਭਾਈ ਲਾਲੋ ਪੰਜਾਬੀ ਮੰਚ ਦੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ | ਆਗੂਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦ ਹੀ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਨਹਿਰੀ ਵਿਭਾਗ ਸਿਰ ਹੋਵੇਗੀ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਮੋਹਣੀ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਬਰਨਾਲਾ ਦੇ ਆਂਗਣਵਾੜੀ ਸੈਂਟਰਾਂ 'ਚ ਰਜਿਸਟਰੇਸ਼ਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।