02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਰਕਾਰ ਜੀ ਇੱਕ ਨਜ਼ਰ ਏਧਰ ਵੀ... ਮਾਮਲਾ ‘ਅੰਮ੍ਰਿਤ’ ਯੋਜਨਾ ਤਹਿਤ ਪਾਣੀ ਵਾਲੀਆਂ ਪਾਈਪਾਂ ਪਾਉਣ ਸਮੇਂ ਸੀਵਰੇਜ ਦੀਆਂ ਪਾਈਪਾਂ ਤੋੜੇ ਜਾਣ ਦਾ ਖਨੌਰੀ ਵਿਖੇ ਪਾਣੀ ਵਾਲੀਆਂ ਪਾਈਪਾਂ ਪਾਉਂਦੇ ਸਮੇਂ ਤੋੜੀਆਂ ਸੀਵਰੇਜ ਦੀਆਂ ਪਾਈਪਾਂ, ਗਲੀਆਂ ’ਚ ਵਗਣ ਲੱਗਾ ਗੰਦਾ ਪਾਣੀ, ਲੋਕਾਂ ਦਾ ਠੇਕੇਦਾਰ ਖ਼ਿਲਾਫ਼ ਗੁੱਸਾ

ਅਜੀਤ ਡੈਸਕ 13-07-2026
ਖਨੌਰੀ, 12 ਜੁਲਾਈ (ਬਲਵਿੰਦਰ ਸਿੰਘ ਥਿੰਦ)-ਪੰਜਾਬ ਸਰਕਾਰ ਦੀ ਅੰਮ੍ਰਿਤ ਯੋਜਨਾ ਤਹਿਤ ਸ਼ਹਿਰ ਦੇ ਹਰ ਘਰ ਤੱਕ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਲਗਭਗ 18 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਅਤੇ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਲੇਕਿਨ ਸਬੰਧਿਤ ਠੇਕੇਦਾਰ ਵਲੋਂ ਪਾਈਪ ਲਾਈਨ ਵਿਛਾਏ ਜਾਣ ਦੇ ਇਸ ਕੰਮ ਵਿੱਚ ਵੱਡੀ ਲਾਪਰਵਾਹੀ ਵਰਤੇ ਜਾਣ ਕਾਰਨ ਇਹ ਕੰਮ ਸ਼ਹਿਰ ਵਾਸੀਆਂ ਦੇ ਲਈ ਆਫ਼ਤ ਬਣ ਕੇ ਰਹਿ ਗਿਆ ਹੈ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਇਸ ਪ੍ਰੋਜੈਕਟ ਦਾ ਕੁਝ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵਲੋਂ ਉਦਘਾਟਨ ਕੀਤਾ ਗਿਆ ਸੀ। ਪਰ ਕੰਮ ਸ਼ੁਰੂ ਹੁੰਦੇ ਹੀ ਇਸ ਦੀ ਗੁਣਵੱਤਾ ਅਤੇ ਠੇਕੇਦਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।ਭਾਜਪਾ ਦੇ ਕਾਰਜਕਾਰਨੀ ਮੈਂਬਰ ਨੈਣੂ ਰਾਮ ਗਰਗ, ਡਾ. ਪ੍ਰੇਮ ਗਰਗ, ਸੰਦੀਪ ਕੁਮਾਰ, ਜੈ ਭਗਵਾਨ, ਮਨੋਜ ਕੁਮਾਰ (ਸੋਨੂੰ) ਗੋਇਲ, ਰੋਕੀ ਅਤੇ ਹੋਰ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਥਿਤ ਦੋਸ਼ ਲਗਾਇਆ ਹੈ ਕਿ ਵਾਰਡ ਨੰਬਰ 13 ਵਿੱਚ ਨਵੀਂ ਪਾਈਪ ਲਾਈਨ ਵਿਛਾਉਣ ਦੌਰਾਨ ਪੁਰਾਣੀਆਂ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਪਰ ਠੇਕੇਦਾਰ ਵਲੋਂ ਉਨ੍ਹਾਂ ਦੀ ਨਾ ਤਾਂ ਢੰਗ ਨਾਲ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਨਾ ਹੀ ਟੁੱਟੀਆਂ ਲਾਈਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਗਲੀਆਂ ਵਿੱਚ ਕਈ ਥਾਈਂ ਪਾਣੀ ਵਾਲੇ ਛੱਪੜ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਕਾਰਨ ਕਈ ਥਾਵਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ‘ਤੇ ਵਗ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਨਵੀਆਂ ਸੜਕਾਂ ਵੀ ਜਲਦੀ ਟੁੱਟ ਜਾਣਗੀਆਂ ਅਤੇ ਸਰਕਾਰੀ ਪੈਸੇ ਦੀ ਵੀ ਬਰਬਾਦੀ ਹੋਵੇਗੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਨਗਰ ਪੰਚਾਇਤ ਅਤੇ ਸਬੰਧਤ ਕੌਂਸਲਰਾਂ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਨਾਂ ਤਾਂ ਪ੍ਰਸ਼ਾਸਨ ਵਲੋਂ ਅਤੇ ਨਾਂ ਹੀ ਸਬੰਧਿਤ ਠੇਕੇਦਾਰ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਦੇ ਹੋਰ ਵਾਰਡਾਂ ਵਿੱਚ ਵੀ ਪਾਈਪ ਲਾਈਨ ਪਾਉਣ ਤੋਂ ਬਾਅਦ ਗਲੀਆਂ ਦੀ ਸਹੀ ਢੰਗ ਨਾਲ ਮੁਰੰਮਤ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ।
ਪਿਛਲੀ ਖ਼ਬਰ ਪੰਜਾਬ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ-ਗੁਰਤੇਜ ਸਿੰਘ ਸੰਧੂ ਅਗਲੀ ਖ਼ਬਰ ਚੋਰੀ ਕੀਤੇ ਤਿੰਨ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।