ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 8 ਗ੍ਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਜਗਪਾਲ ਸਿੰ ਘ ਦੌਰਾਨੇ ਗਸ਼ਤ ਸ਼ੱਕੀ ਵਿਅਕਤੀਆਂ ਦੇ ਸਬੰਧ ਵਿਚ ਤਾਜੋਕੇ ਕੈਂਚੀਆਂ ਤਪਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਅਲਹਿਦਗੀ ਵਿਚ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਉਰਫ ਡਾਕਟਰ ਪੁੱਤਰ ਬੰਤ ਸਿੰਘ ਵਾਸੀ ਨੱਥਾ ਪੱਤੀ, ਢਿਲਵਾਂ ਜੋ ਬਾਹਰੋਂ ਸਸਤੇ ਭਾਅ ਨਸ਼ੀਲਾ ਪਦਾਰਥ (ਹੈਰੋਇਨ) ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਤੁਰ ਫਿਰ ਕੇ ਮਾਤਾ ਦਾਤੀ ਰੋਡ ਤਪਾ ਸਾਈਡ ਨਸ਼ੀਲਾ ਪਦਾਰਥ (ਹੈਰੋਇਨ) ਵੇਚਣ ਦੀ ਤਾਕ ਵਿਚ ਹੈ। ਜੇਕਰ ਮਾਤਾ ਦਾਤੀ ਰੋਡ ’ਤੇ ਚੈਕਿੰਗ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ’ ਚ ਆਉਂਦਿਆਂ ਦੋਸ਼ੀ ਨੂੰ 8 ਗ੍ਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਹੌਲਦਾਰ ਜਸਪ੍ਰੀਤ ਸਿੰਘ ਆਦਿ ਮੌਜੂਦ ਸਨ।