11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਹਮੀਦੀ ਵਾਸੀਆਂ ਨੇ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਕੀਤੀ ਆਵਾਜ਼ ਬੁਲੰਦ

ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪਿੰਡ ਹਮੀਦੀ ਵਿਖੇ ਗ੍ਰਾਮ ਪੰਚਾਇਤ ਅਤੇ ਭਾਕਿਯੂ ਕਾਦੀਆਂ, ਭਾਕਿਯੂ ਉਗਰਾਹਾਂ, ਭਾਕਿਯੂ ਡਕੌਂਦਾ ਧਨੇਰ ਵਲੋਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ 31 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕਰਦਿਆਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਹੱਥ ਖੜੇ ਕਰ ਕੇ ਅਹਿਦ ਲਿਆ।

ਪਿੰਡ ਹਮੀਦੀ ਵਿਖੇ ਨਸ਼ਿਆਂ ਵਿਰੁੱਧ ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਓਮਨਦੀਪ ਸਿੰਘ ਸੋਹੀ। ਤਸਵੀਰ : ਅਵਤਾਰ ਸਿੰਘ ਅਣਖੀ 11-08-2026
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪਿੰਡ ਹਮੀਦੀ ਵਿਖੇ ਗ੍ਰਾਮ ਪੰਚਾਇਤ ਅਤੇ ਭਾਕਿਯੂ ਕਾਦੀਆਂ, ਭਾਕਿਯੂ ਉਗਰਾਹਾਂ, ਭਾਕਿਯੂ ਡਕੌਂਦਾ ਧਨੇਰ ਵਲੋਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ 31 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕਰਦਿਆਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਹੱਥ ਖੜੇ ਕਰ ਕੇ ਅਹਿਦ ਲਿਆ। ਸਰਪੰਚ ਓਮਨਦੀਪ ਸਿੰਘ ਸੋਹੀ ਨੇ ਕਿਹਾ ਕਿ ਅੱਜ ਪਿੰਡ-ਪਿੰਡ ਅੰਦਰ ਨਸ਼ਿਆਂ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਪਰਿਵਾਰਾਂ ਨੂੰ ਇਸ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਲੋਕ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਆਪਣੀਆਂ ਧੀਆਂ-ਪੁੱਤਾਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕੇ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਸਰਪੰਚ ਸੋਹੀ ਨੇ ਕਿਸਾਨ ਜਥੇਬੰਦੀਆਂ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਕੀਤੇ ਜਾ ਰਹੇ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗ੍ਰਾਮ ਪੰਚਾਇਤ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾਣ ਵਾਲੀ ਮੁਹਿੰਮ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਬਲਰਾਜ ਸਿੰਘ, ਭਾਕਿਯੂ ਕਾਦੀਆਂ ਦੇ ਕੁਲਦੀਪ ਸਿੰਘ ਦਿਉਲ, ਭਾਕਿਯੂ ਡਕੌਂਦਾ-ਧਨੇਰ ਦੇ ਜਗਰਾਜ ਸਿੰਘ ਰਾਣੂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਿਰਫ਼ ਸਰਕਾਰ ਜਾਂ ਪੁਲਿਸ ’ਤੇ ਨਿਰਭਰ ਰਹਿਣ ਦੀ ਬਜਾਏ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਅਲਾਮਤ ਇਸ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਕਮੇਟੀ ਦਾ ਪੂਰਾ ਸਹਿਯੋਗ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜ ਕੇ ਨਸ਼ਿਆਂ ਦੀ ਮੰਗ ਨੂੰ ਵੀ ਖ਼ਤਮ ਕਰਨਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ’ਚ ਵੱਧ ਨਸ਼ੇ ਨਾਲ ਇਕ ਨੌਜਵਾਨ ਦੀ ਪਿਛਲੇ ਦਿਨੀਂ ਹੋਈ ਮੌਤ ਤੋਂ ਬਾਅਦ ਪਿੰਡ ਵਾਸੀਆਂ ’ਚ ਨਸ਼ਿਆਂ ਦੇ ਵਧ ਰਹੇ ਖ਼ਤਰੇ ਨੂੰ ਲੈ ਕੇ ਚਿੰਤਾ ਹੋਰ ਵਧੀ ਹੈ। ਇਸੇ ਕਰ ਕੇ ਅੱਜ ਦੇ ਵੱਡੇ ਇਕੱਠ ਦੌਰਾਨ ਲੋਕਾਂ ਨੇ ਹੱਥ ਖੜ੍ਹੇ ਕਰਕੇ ਨਸ਼ਿਆਂ ਵਿਰੁੱਧ ਡਟ ਕੇ ਖੜ੍ਹਨ ਅਤੇ ਹਮੀਦੀ ਨੂੰ ਨਸ਼ਾ ਮੁਕਤ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ, ਪੰਚ ਏਕਮ ਸਿੰਘ, ਪ੍ਰਧਾਨ ਸੁਖਦੇਵ ਸਿੰਘ ਰਾਣੂ, ਹਰਪਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ ਰਾਣੂ, ਹਰਪ੍ਰੀਤ ਸਿੰਘ ਚੋਪੜਾ, ਜਸਪਾਲ ਸਿੰਘ ਦਿਉਲ, ਜਗਦੇਵ ਸਿੰਘ ਰਾਣੂ, ਬੂਟਾ ਸਿੰਘ ਪਾਲ, ਰਣਧੀਰ ਸਿੰਘ ਧੀਰਾ, ਸੁਰਜੀਤ ਸਿੰਘ ਭੋਲਾ, ਗੁਰਦੀਪ ਸਿੰਘ ਚੋਪੜਾ, ਦਰਬਾਰਾ ਸਿੰਘ ਚੋਪੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਅਗਲੀ ਖ਼ਬਰ ਟੱਲੇਵਾਲ ਪੁਲਿਸ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।