ਬਰਨਾਲਾ ’ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ
ਬਰਨਾਲਾ, 22 ਅਗਸਤ (ਰਾਜ ਪਨੇਸਰ, ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਰਾਮਬਾਗ ਰੋਡ ’ਤੇ ਦੋ ਦੁਕਾਨਾਂ ਵਿਚੋਂ ਚੋਰੀ ਹੋਈ, ਫਿਰ ਸ਼ਹਿਰ ਦੇ ਦਿਲ ਕਹੇ ਜਾਂਦੇ ਸਦਰ ਬਾਜ਼ਾਰ ਦੀ ਪਿੰਕੀ ਮਾਰਕੀਟ ਦੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਬੀਤੀ ਰਾਤ ਰਾਮਬਾਗ ਰੋਡ ਗਲੀ ਨੰਬਰ 2 ਵਿਚ ਇੱਕ ਕੋਠੀ ਵਿਚੋਂ ਚੋਰ ਪਾਣੀ ਵਾਲੀ ਮੋਟਰ ਚੋਰੀ ਕਰ ਕੇ ਫ਼ਰਾਰ ਹੋ ਗਏ।
ਬਰਨਾਲਾ, 22 ਅਗਸਤ (ਰਾਜ ਪਨੇਸਰ, ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਰਾਮਬਾਗ ਰੋਡ ’ਤੇ ਦੋ ਦੁਕਾਨਾਂ ਵਿਚੋਂ ਚੋਰੀ ਹੋਈ, ਫਿਰ ਸ਼ਹਿਰ ਦੇ ਦਿਲ ਕਹੇ ਜਾਂਦੇ ਸਦਰ ਬਾਜ਼ਾਰ ਦੀ ਪਿੰਕੀ ਮਾਰਕੀਟ ਦੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਬੀਤੀ ਰਾਤ ਰਾਮਬਾਗ ਰੋਡ ਗਲੀ ਨੰਬਰ 2 ਵਿਚ ਇੱਕ ਕੋਠੀ ਵਿਚੋਂ ਚੋਰ ਪਾਣੀ ਵਾਲੀ ਮੋਟਰ ਚੋਰੀ ਕਰ ਕੇ ਫ਼ਰਾਰ ਹੋ ਗਏ। ਕੋਠੀ ਮਾਲਕ ਸੁਨੀਲ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਇੱਕ ਚੋਰ ਬਾਹਰ ਦੀ ਗਰਿਲ ਟੱਪ ਕੇ ਅੰਦਰ ਆਇਆ ਅਤੇ ਪਾਣੀ ਵਾਲੀ ਮੋਟਰ ਖੋਲ੍ਹ ਕੇ ਲੈ ਗਿਆ। ਸਵੇਰੇ ਜਦੋਂ ਪਾਣੀ ਦੀ ਮੋਟਰ ਚਲਾਉਣ ਲੱਗੇ ਤਾਂ ਦੇਖਿਆ ਕਿ ਮੋਟਰ ਉੱਥੇ ਹੈ ਹੀ ਨਹੀਂ। ਜਦੋਂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਸ ਵਿਚ ਇੱਕ ਚੋਰ ਵਲੋਂ ਗਰਿਲ ਟੱਪ ਕੇ ਅੰਦਰ ਦਾਖਲ ਹੋਣ ਦੀ ਵੀਡੀਓ ਸਾਫ਼ ਦਿਖਾਈ ਦਿੱਤੀ। ਉਨ੍ਹਾਂ ਦੱਸਿਆ ਕਿ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁਲਿਸ ਪਾਰਟੀ ਆਈ ਅਤੇ ਕਹਿ ਕੇ ਚਲੀ ਗਈ ਕਿ ਥਾਣੇ ਆ ਕੇ ਬਿਆਨ ਲਿਖਵਾ ਦਿਓ, ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਆਸ-ਪਾਸ ਦੇ ਲੋਕਾਂ ਅੰਮ੍ਰਿਤ ਲਾਲ, ਸਤੀਸ਼ ਕੁਮਾਰ, ਹਰੀਸ਼ ਕੁਮਾਰ, ਪ੍ਰਵੀਨ ਪ੍ਰਵੀਨ ਬਰਨਾਲਾ ਆਦਿ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਪੂਰੇ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਲਗਾਤਾਰ ਨਾਕਾਮ ਸਾਬਤ ਹੋ ਰਹੀ ਹੈ। ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ ਨਾ ਤਾਂ ਪਹਿਲਾਂ ਹੋਈਆਂ ਚੋਰੀਆਂ ਨੂੰ ਪੁਲਿਸ ਵਲੋਂ ਟਰੇਸ ਕੀਤਾ ਗਿਆ ਹੈ ਅਤੇ ਨਾ ਹੀ ਲੱਗਦਾ ਹੈ ਕਿ ਇਸ ਘਟਨਾ ਨੂੰ ਟਰੇਸ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਹਰ ਨਿਵਾਸੀ ਅਤੇ ਦੁਕਾਨਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ-1 ਬਰਨਾਲਾ ਦੇ ਐਸ.ਐੱਚ.ਓ. ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਕੱਲ੍ਹ ਹੀ ਜੁਆਇਨ ਕੀਤਾ ਹੈ। ਜੋ ਵੀ ਪਹਿਲਾਂ ਚੋਰੀਆਂ ਹੋਈਆਂ ਹਨ ਜਾਂ ਬੀਤੀ ਰਾਤ ਚੋਰੀ ਹੋਈ ਹੈ, ਜਲਦ ਹੀ ਉਨ੍ਹਾਂ ਨੂੰ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਦਾ ਮੁੱਖ ਟੀਚਾ ਹੈ ਅਤੇ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਚੋਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਇਹ ਚੋਰੀ ਦੀਆਂ ਘਟਨਾਵਾਂ ਟਰੇਸ ਕਰ ਦਿੱਤੀਆਂ ਜਾਣਗੀਆਂ। ਆਉਣ ਵਾਲੇ ਦਿਨਾਂ ਵਿਚ ਗਸ਼ਤ ਹੋਰ ਵਧਾ ਦਿੱਤੀ ਜਾਵੇਗੀ।