ਟੱਲੇਵਾਲ, 20 ਅਕਤੂਬਰ (ਸੋਨੀ ਚੀਮਾ)-ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਚੰਡੀਗੜ੍ਹ ਬ੍ਰਾਂਚ ਦਫ਼ਤਰ ਦੇ ਸਹਿਯੋਗ ਨਾਲ ਸਟੈਂਡਰਡਜ਼ ਕਲੱਬ ਦੀ ਗਤੀਵਿਧੀ ਤਹਿਤ ਵਿਦਿਆਰਥੀਆਂ ਲਈ ਮਿਆਰਾਂ ਸਬੰਧੀ ਜਾਗਰੂਕਤਾ ਵਰਕਸ਼ਾਪ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਚੰਡੀਗੜ੍ਹ ਦਫ਼ਤਰ ਤੋਂ ਪਹੁੰਚੇ ਮੁੱਖ ਸਰੋਤ ਵਿਅਕਤੀ ਇੰਜੀਨੀਅਰ ਅਮਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਸਥਾ ਦੀ ਕਾਰਜਪ੍ਰਣਾਲੀ, ਉਤਪਾਦਾਂ ਦੇ ਗੁਣਵੱਤਾ ਮਿਆਰਾਂ ਅਤੇ ਮਾਰਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਟੈਂਡਰਡਜ਼ ਕਲੱਬ ਦੀ ਨੋਡਲ ਇੰਚਾਰਜ ਪੂਨਮ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੇ ਗੁਣਵੱਤਾ ਮਿਆਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਤੇ ਮਿਆਰੀ ਉਤਪਾਦਾਂ ਦੀ ਚੋਣ ਕਰਨ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਮਿਆਰੀ ਵਸਤਾਂ ਦੀ ਪਛਾਣ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਸਹੀ ਜਾਣਕਾਰੀ ਹੋਵੇ, ਤਾਂ ਉਹ ਖ਼ੁਦ ਵੀ ਜਾਗਰੂਕ ਖਪਤਕਾਰ ਬਣ ਸਕਦੇ ਹਨ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਨੂੰ ਵੀ ਜਾਗਰੂਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਆਰੀ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਨਾਲ ਨਕਲੀ ਅਤੇ ਘਟੀਆ ਵਸਤਾਂ ਦੇ ਪ੍ਰਚਲਣ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਅਤੇ ਚੰਡੀਗੜ੍ਹ ਦਫ਼ਤਰ ਤੋਂ ਪਹੁੰਚੇ ਇੰਜੀਨੀਅਰ ਅਮਿਤ ਕੁਮਾਰ ਦਾ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਗੁਣਵੱਤਾ ਪ੍ਰਤੀ ਸਮਝ ਅਤੇ ਜ਼ਿੰਮੇਵਾਰ ਖਪਤਕਾਰ ਬਣਨ ਦੀ ਭਾਵਨਾ ਵਿਕਸਿਤ ਕਰਨ ਵਿਚ ਸਹਾਇਕ ਹੁੰਦੀਆਂ ਹਨ। ਵਰਕਸ਼ਾਪ ਦੇ ਨਾਲ-ਨਾਲ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿਚ ਪਹਿਲੀਆਂ ਚਾਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਪਾਇਲ ਗਰਗ, ਹਰਪ੍ਰੀਤ ਸਿੰਘ, ਵੋਕੇਸ਼ਨਲ ਟਰੇਨਰ, ਡਾ. ਜਤਿੰਦਰ ਜੋਸ਼ੀ, ਕੈਰੀਅਰ ਗਾਈਡੈਂਸ ਇੰਚਾਰਜ, ਕੁਲਦੀਪ ਕੌਰ ਅਤੇ ਰਿਸ਼ੂ ਰਾਣੀ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।