ਇਸ ਬ੍ਰਹਿਮੰਡ ਦੀ ਰਚਨਾ ਅਰਬਾਂ-ਖਰਬਾਂ ਸਾਲਾਂ ਤੋਂ ਮੰਨੀ ਜਾਂਦੀ ਹੈ। ਇਸ ਰਚਨਾ ਦੀ ਉਤਪਤੀ ਦੇ ਸਰੋਤ ਜਾਂ ਕਾਰਨ ਸਬੰਧੀ ਵਿਭਿੰਨ ਮਤ ਪ੍ਰਚੱਲਤ ਹਨ। ਸਾਇੰਸ ਅਨੁਸਾਰ ਬ੍ਰਹਿਮੰਡ ਦੀ ਉਤਪਤੀ ਦਾ ਕਾਰਨ 'ਬਿਗ ਬੈਂਗ' ਥਿਊਰੀ ਹੈ, ਜਦਕਿ ਅਧਿਆਤਮਕਤਾ ਅਨੁਸਾਰ ਪਰਮਾਤਮਾ ਨੇ ਬ੍ਰਹਿਮੰਡ ਦੀ ਉਤਪਤੀ ਕੀਤੀ ਹੈ। ਇਸ ਵਿਸ਼ੇ ਸਬੰਧੀ ਭਾਵੇਂ ਅਨੇਕ ਮਤ ਪ੍ਰਚੱਲਿਤ ਹਨ ਪਰ ਇਕ ਤੱਥ ਜ਼ਰੂਰ ਸੱਚ ਹੈ ਕਿ ਕੋਈ ਵੀ ਊਰਜਾ ਜਾਂ ਤਾਕਤ ਤਾਂ ਜ਼ਰੂਰ ਇਨੇ ਵੱਡੇ ਪ੍ਰਬੰਧ ਭਾਵ ਖੰਡਾਂ-ਬ੍ਰਹਿਮੰਡਾਂ ਨੂੰ ਚਲਾ ਰਹੀ ਹੈ। ਗਿਆਨ ਤੇ ਅਗਿਆਨਤਾ ਇਕੋ ਸਿੱਕੇ ਦੀ ਦੋ ਪਹਿਲੂ ਹਨ। ਸ੍ਰਿਸ਼ਟੀ 'ਚ ਮੌਜੂਦ ਮਨੁੱਖੀ ਜੀਵਾਂ ਵਿਚ ਗਿਆਨੀ ਤੇ ਅਗਿਆਨੀ ਦੋਵਾਂ ਪ੍ਰਕਾਰ ਦੇ ਮਨੁੱਖ ਹਨ। ਕਿਸੇ ਪ੍ਰਕਾਰ ਦੀ ਜਾਣਕਾਰੀ ਤੋਂ ਅਣਜਾਣ ਵਿਅਕਤੀ ਨੂੰ ਅਗਿਆਨੀ ਕਿਹਾ ਜਾਂਦਾ ਹੈ, ਭਾਵ ਕਿ ਉਹ ਹਨੇਰੇ 'ਚ ਹੈ ਪਰ ਕਿਸੇ ਜਾਣਕਾਰੀ ਦੇ ਗਿਆਤਾ ਨੂੰ ਗਿਆਨੀ ਕਿਹਾ ਜਾ ਸਕਦਾ ਹੈ, ਭਾਵ ਕਿ ਉਹ ਰੌਸ਼ਨੀ 'ਚ ਹੈ। ਪ੍ਰੰਤੂ ਅਜਿਹਾ ਗਿਆਨ ਕਿਹੜਾ ਹੈ, ਜੋ ਸਾਨੂੰ ਪ੍ਰਕਾਸ਼ ਜਾਂ ਰੌਸ਼ਨੀ 'ਚ ਲਿਜਾਂਦਾ ਹੈ, ਉਹ ਗਿਆਨ ਹੈ ਅਧਿਆਤਮਕ ਗਿਆਨ। ਮਨੁੱਖੀ ਦਿਮਾਗ 'ਚ ਕੋਈ ਸਵਾਲ ਉੱਠਦਾ ਹੈ ਤਾਂ ਉਹ ਸਵਾਲ ਦਾ ਜਵਾਬ ਪ੍ਰਾਪਤ ਕਰਕੇ ਗਿਆਨੀ ਮਨੁੱਖ ਦੀ ਸ਼੍ਰੇਣੀ 'ਚ ਆ ਜਾਂਦਾ ਹੈ ਪਰ ਇਕ ਸਵਾਲ ਜੋ ਮਨੁੱਖੀ ਹੋਂਦ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜ੍ਹਾ ਕਰਦਾ ਹੈ, ਉਹ ਇਹ ਹੈ ਕਿ ਮਨੁੱਖ ਸ੍ਰਿਸ਼ਟੀ 'ਤੇ ਕਿਸ ਕਾਰਨ ਜਾ ਕਿਸ ਮਕਸਦ ਲਈ ਮੌਜੂਦ ਹੈ? ਤਾਂ ਅਧਿਆਤਮਕਤਾ ਇਸ ਸਵਾਲ ਦਾ ਉੱਤਰ ਦੱਸਦੀ ਹੈ ਕਿ ਮਨੁੱਖਾ ਜਨਮ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਇਕ ਸੁਨਹਿਰਾ ਮੌਕਾ ਹੈ। ਗੁਰੂ ਰਵਿਦਾਸ ਜੀ ਦੇ ਸ਼ਬਦ ਹਨ:-
ਬਹੁਤ ਜਨਮ ਬਿਛੁਰੇ ਥੇ ਮਾਧਉ
ਇਹੁ ਜਨਮੁ ਤੁਮ੍ਹ੍ਹਾਰੇ ਲੇਖੇ॥ (ਅੰਗ : 694)
ਭਾਵ ਬਹੁਤ ਜਨਮਾਂ 'ਚ, ਵਿਭਿੰਨ ਜੂਨਾਂ 'ਚ ਪਰਮਾਤਮਾ ਕੋਲੋਂ ਵਿਛੜੇ ਹੋਏ ਸਾਂ ਪਰ ਹੁਣ ਇਹ ਮਨੁੱਖਾ ਜਨਮ ਪਰਮਾਤਮਾ ਦੀ ਪ੍ਰਾਪਤੀ ਨੂੰ ਸਮਰਪਿਤ ਹੈ।
ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ 'ਚ ਸਮਝਾਉਣ ਦਾ ਯਤਨ ਕੀਤਾ ਹੈ:-
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ
ਗਿਰਹਿ ਬਹੁਰਿ ਨ ਲਾਗਿਹ ਡਾਰ॥ (ਅੰਗ : 1364)
ਭਾਵ ਮਨੁੱਖ ਜਨਮ ਬਹੁਤ ਹੀ ਦੁਰਲੱਭ ਹੈ। ਇਹ ਵਾਰ-ਵਾਰ ਨਹੀਂ ਮਿਲਦਾ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਜੰਗਲ 'ਚ ਪੱਕੇ ਫਲ ਟਾਹਣੀ ਤੋਂ ਟੁੱਟ ਕੇ ਦੁਬਾਰਾ ਟਾਹਣੀ ਨਾਲ ਨਹੀਂ ਜੁੜ ਸਕਦੇ। ਗੁਰੂਆਂ, ਪੀਰਾਂ-ਫਕੀਰਾਂ, ਸੰਤਾਂ ਦੀ ਬਾਣੀ ਨੂੰ ਪੜ੍ਹਨਾ ਤੇ ਉਨ੍ਹਾਂ ਦੇ ਅਰਥਾਂ ਨੂੰ ਸਮਝ ਕੇ ਉਸ 'ਤੇ ਅਮਲ ਕਰਨਾ ਹੀ ਹਨੇਰੇ ਤੋਂ ਰੌਸ਼ਨੀ ਵੱਲ ਵਧਿਆ ਹੋਇਆ ਕਦਮ ਹੈ। ਮਨੁੱਖਾ ਜਨਮ ਵਿਚ ਰੋਜ਼ਾਨਾ ਇਕ-ਇਕ ਕਦਮ ਰੌਸ਼ਨੀ ਵੱਲ ਪੁੱਟਦੇ ਹੋਏ ਇਕ ਦਿਨ ਮੰਜ਼ਿਲ 'ਤੇ ਜ਼ਰੂਰ ਪਹੁੰਚਿਆ ਜਾ ਸਕਦਾ ਹੈ।
-ਮੋਬਾਈਲ : 79733-2796