(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਇਨ੍ਹੀਂ ਦਿਨੀਂ ਸ਼ਾਹਦੇਵ ਸਿੰਘ ਦਾ ਫੇਰਾ-ਤੋਰਾ ਅਸਧਾਰਨ ਨਾਲੋਂ ਵੱਧ ਸੀ। ਉਹ ਅਕਸਰ ਹੀ ਲਖਨਊ ਜਾਂਦਾ ਸੀ। ਭਾਵੇਂ ਉਹ ਆਪਣੇ 'ਤੇ ਲੱਗੀ ਸ਼ਰਤ ਦੀ ਪਾਲਣਾ ਕਰ ਰਿਹਾ ਸੀ ਪਰ ਉਸ ਦੇ ਅਕਸਰ ਹੀ ਆਪਣੇ ਸ਼ਹਿਰ ਤੋਂ ਬਾਹਰ ਰਹਿਣ ਨੇ ਡਿਵੀਜ਼ਨਲ ਕਮਿਸ਼ਨਰ ਦੇ ਮਨ 'ਚ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਦਿੱਤੇ। ਉਸ ਨੇ ਸ਼ਾਹਦੇਵ ਸਿੰਘ ਦੇ ਹਵਾਲੇ ਨਾਲ ਆਪਣੇ ਪੱਤਰ ਨੰ: 1412 ਮਿਤੀ 9 ਜੂਨ 1876 ਦੁਆਰਾ ਉੱਤਰ-ਪੱਛਮੀ ਪ੍ਰਾਂਤਾਂ ਅਤੇ ਅਉਧ ਦੇ ਮਾਲੀਆ ਸਕੱਤਰ ਨੂੰ ਦੋ ਪੁੱਛਾਂ ਕੀਤੀਆਂ। ਪਹਿਲੀ ਪੁੱਛ ਇਹ ਸੀ ਕਿ ਸ਼ਾਹਦੇਵ ਸਿੰਘ ਦੇ ਪ੍ਰਾਂਤ ਦੇ ਅੰਦਰ ਤੇ ਬਾਹਰ ਜਾਣ ਮੌਕੇ ਸਥਾਨਕ ਅਧਿਕਾਰੀਆਂ ਦੁਆਰਾ ਉਸ 'ਤੇ ਕਿੰਨੀ ਨਿਗਰਾਨੀ ਰੱਖੀ ਜਾਵੇ? ਦੂਜੀ, ਉਸ ਦੇ ਸਿਰ ਸਰਕਾਰ ਦੇ ਕਰਜ਼ੇ ਦੀ ਸਥਿਤੀ ਕੀ ਹੈ ਤੇ ਇਸ ਬਾਰੇ ਹੁਕਮ ਜਾਰੀ ਕੀਤੇ ਜਾਣ। ਹਿੰਦੁਸਤਾਨ ਸਰਕਾਰ ਨੇ ਸ਼ਾਹਦੇਵ ਸਿੰਘ ਨੂੰ ਕਰਜ਼ ਉਤਾਰਨ ਵਾਸਤੇ ਸਾਢੇ ਤਿੰਨ ਲੱਖ ਰੁਪਏ ਦੀ ਰਾਸ਼ੀ ਦਿੱਤੀ ਤੇ ਇਸ ਦੇ ਇਵਜ਼ ਵਿਚ ਉਸ ਦੀ ਮਿਲਖ ਦਾ ਪ੍ਰਬੰਧ 'ਕੋਰਟ ਆਫ ਵਾਰਡਜ਼' ਦੇ ਹਵਾਲੇ ਕਰ ਦਿੱਤਾ ਪਰ ਪਹਿਲੀ ਪੁੱਛ ਦਾ ਕੋਈ ਉਤਰ ਨਾ ਦਿੱਤਾ। 10 ਅਕਤੂਬਰ 1876 ਨੂੰ ਸ਼ਾਹਦੇਵ ਸਿੰਘ ਵਲੋਂ ਡਿਵੀਜ਼ਨਲ ਕਮਿਸ਼ਨਰ ਤੋਂ ਲਖਨਊ ਜਾਣ ਦੀ ਆਗਿਆ ਮੰਗਣ 'ਤੇ ਉਸ ਨੇ ਆਨਾਕਾਨੀ ਕੀਤੀ ਜਿਸ ਦੇ ਪ੍ਰਤਿਕਰਮ ਵਿਚ ਸ਼ਾਹਦੇਵ ਸਿੰਘ ਨੇ ਉਸ ਦੇ ਇੱਧਰ-ਉੱਧਰ ਜਾਣ 'ਤੇ ਸਰਕਾਰ ਵਲੋਂ ਲਾਈਆਂ ਸ਼ਰਤਾਂ ਲਿਖਤੀ ਰੂਪ ਵਿਚ ਦੇਣ ਲਈ ਕਿਹਾ। ਡਿਵੀਜ਼ਨਲ ਕਮਿਸ਼ਨਰ ਨੇ ਸ਼ਾਹਦੇਵ ਸਿੰਘ ਤੋਂ ਤਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਉਹ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਬਿਨਾਂ ਸਰਕਾਰੀ ਪੱਤਰ ਦੀ ਨਕਲ ਉਸ ਨੂੰ ਨਹੀਂ ਦੇ ਸਕਦਾ ਪਰ ਉਸ ਨੇ ਪ੍ਰਾਂਤਕ ਸਰਕਾਰ ਤੋਂ ਆਪਣੇੇ ਪੱਤਰ ਦਾ ਤੁਰੰਤ ਜਵਾਬ ਮੰਗਿਆ। ਪ੍ਰਾਂਤਕ ਸਰਕਾਰ ਰਾਹੀਂ ਇਹ ਪੁੱਛ ਹਿੰਦੁਸਤਾਨ ਸਰਕਾਰ ਕੋਲ ਪਹੁੰਚੀ ਤਾਂ ਉਸ ਨੇ ਇਸ ਬਾਰੇ ਪੰਜਾਬ ਸਰਕਾਰ ਦੀ ਰਾਇ ਮੰਗ ਲਈ। ਹਿੰਦੁਸਤਾਨ ਸਰਕਾਰ ਵਲੋਂ ਲਿਖੇ ਪੱਤਰ ਨੰ: 1045-ਪੀ. ਮਿਤੀ 28 ਮਾਰਚ 1879 ਦੇ ਉੱਤਰ ਵਿਚ ਪੰਜਾਬ ਸਰਕਾਰ ਨੇ ਪੱਤਰ ਨੰ: 865 ਮਿਤੀ 14 ਅਪ੍ਰੈਲ 1879 ਦੁਆਰਾ ਲਿਖਿਆ ਕਿ ਸ਼ਾਹਦੇਵ ਸਿੰਘ ਹੋਰ ਭਾਵੇਂ ਕਿਧਰੇ ਜਾਵੇ ਪਰ ਉਸ ਨੂੰ ਪੰਜਾਬ ਆਉਣ ਤੋਂ ਮਨਾਹੀ ਕੀਤੀ ਜਾਵੇ। ਹਿੰਦੁਸਤਾਨ ਸਰਕਾਰ ਦੀ ਚਿੰਤਾ ਇਹ ਸੀ ਕਿ ਜੇ ਸ਼ਾਹਦੇਵ ਸਿੰਘ ਨੂੰ ਸਾਫ਼ ਤੌਰ 'ਤੇ ਪੰਜਾਬ ਵਿਚ ਜਾਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਇਸ ਨਾਲ ਉਸ ਦੇ ਮਨ ਵਿਚ ਆਪਣੀ ਰਾਜਸੀ ਅਹਿਮੀਅਤ ਦਾ ਅਹਿਸਾਸ ਉਪਜੇਗਾ। ਇਸ ਤੋਂ ਬਚਣ ਲਈ ਹਿੰਦੁਸਤਾਨ ਸਰਕਾਰ ਦੇ ਪੱਤਰ ਨੰ: 1145-ਜੇ.ਪੀ. ਮਿਤੀ 3 ਮਈ 1879 ਰਾਹੀ ਸ਼ਾਹਦੇਵ ਸਿੰਘ 'ਤੇ ਪਿਛਲੀ ਪਾਬੰਦੀ ਨੂੰ ਬਰਕਰਾਰ ਰੱਖਿਆ ਪਰ ਉਸ ਨੂੰ ਜ਼ਬਾਨੀ ਹਦਾਇਤ ਦਿੱਤੀ ਕਿ ਉਹ ਦਿੱਲੀ ਤੋਂ ਉੱਤਰ ਵੱਲ ਬਿਲਕੁਲ ਨਾ ਜਾਵੇ। ਲਗਭਗ ਦੋ ਦਹਾਕੇ ਇਸ ਮਨਾਹੀ ਦਾ ਸੰਤਾਪ ਭੋਗਦਿਆਂ ਆਪਣੇ ਪੁੱਤਰ ਬਾਸਦੇਵ ਸਿੰਘ ਤੇ ਵਿਧਵਾ ਸੂਰਜ ਕੌਰ ਨੂੰ ਪਿੱਛੇ ਛੱਡ ਕੇ ਕੰਵਰ ਸ਼ਾਹਦੇਵ ਸਿੰਘ 22 ਮਾਰਚ 1901 ਨੂੰ ਰਾਇ ਬਰੇਲੀ ਵਿਚ ਹੀ ਸੁਰਗਵਾਸ ਹੋ ਗਿਆ।
(ਸਮਾਪਤ)
-ਮੋਬਾਈਲ : 94170-49417