ਕਹਿੰਦੇ ਹਨ ਸਿੱਖੀ ਪੰਜਾਬ ਤੋਂ ਬਾਹਰ ਜ਼ਿਆਦਾ ਪ੍ਰਫੁੱਲਤ ਹੈ। ਇਹ ਗੱਲ ਸੋਲਾ ਆਨੇ ਸੱਚ ਹੈ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆ। ਮੈਲਬੌਰਨ ਵਿਚ ਉਂਝ ਤਾਂ ਕਰੀਬਨ 13 ਗੁਰਦੁਆਰੇ ਹਨ, ਪਰ ਪਲੰਪਟਨ ਖੇਤਰ ਵਿਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ ਸਿਰਫ਼ ਇਕ ਗੁਰਦੁਆਰਾ ਹੀ ਨਹੀਂ, ਸਗੋਂ ਧਾਰਮਿਕ, ਸੱਭਿਆਚਾਰਕ, ਸਿੱਖਿਆਤਮਿਕ ਤੇ ਸਮਾਜਿਕ ਸੇਵਾਵਾਂ ਦਾ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਪਿਛਲੇ 10 ਸਾਲਾਂ ਤੋਂ ਇਹ ਅਸਥਾਨ ਸੰਗਤ ਦੀ ਸੇਵਾ ਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ 12ਵੇਂ ਮੁਖੀ ਸੰਪਰਦਾਇ ਬਾਬਾ ਬਿਧੀ ਚੰਦ ਦੀ ਦੇਖ-ਰੇਖ ਹੇਠ ਸੰਚਾਲਿਤ ਇਸ ਖ਼ਾਲਸਾ ਛਾਉਣੀ ਗੁਰਦੁਆਰੇ ਵਿਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਨਿਤਨੇਮ, ਕੀਰਤਨ ਅਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜਿੱਥੇ ਵੱਡੀ ਗਿਣਤੀ 'ਚ ਸੰਗਤ ਹਾਜ਼ਰੀ ਭਰਦੀ ਹੈ। ਇਸ ਦੇ ਨਾਲ-ਨਾਲ ਹਰ ਐਤਵਾਰ ਨੂੰ ਪੰਜਾਬੀ ਸਕੂਲ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿੱਥੇ 200 ਤੋਂ ਵੱਧ ਬੱਚੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਸਿੱਖ ਇਤਿਹਾਸ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਗੁਰਮਤਿ ਸੰਗੀਤ ਅਕੈਡਮੀ ਰਾਹੀਂ ਹਰਮੋਨੀਅਮ, ਤੰਤੀ ਸਾਜ਼ ਤੇ ਤਬਲੇ ਦੀ ਵਿਧੀਵਤ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਆਏ ਯੋਗ ਅਧਿਆਪਕਾਂ ਦੀ ਦੇਖ-ਰੇਖ ਹੇਠ 100 ਤੋਂ ਵੱਧ ਵਿਦਿਆਰਥੀ ਰਵਾਇਤੀ ਗੁਰਮਤਿ ਸੰਗੀਤ ਸਿੱਖ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖ਼ਾਲਸਾ ਛਾਉਣੀ ਵਲੋਂ 'ਖ਼ਾਲਸਾ ਛਾਉਣੀ ਸਪੋਰਟਸ ਕਲੱਬ' ਵੀ ਚਲਾਇਆ ਜਾ ਰਿਹਾ ਹੈ। ਇਸ ਸਮੇਂ 150 ਤੋਂ ਵੱਧ ਬੱਚੇ ਤੇ ਨੌਜਵਾਨ ਮੈਲਟਨ ਬਾਸਕਟਬਾਲ ਐਸੋਸੀਏਸ਼ਨ ਰਾਹੀਂ ਬਾਸਕਟਬਾਲ ਵਿਚ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਗਤਕਾ ਅਕੈਡਮੀ ਰਾਹੀਂ ਰਵਾਇਤੀ ਸਿੱਖ ਯੁੱਧ ਕਲਾ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਲੰਗਰ ਸੇਵਾ ਖ਼ਾਲਸਾ ਛਾਉਣੀ ਦੀਆਂ ਮੁੱਖ ਸੇਵਾਵਾਂ 'ਚੋਂ ਇਕ ਹੈ। ਪਿਛਲੇ 12 ਸਾਲਾਂ ਤੋਂ ਇੱਥੇ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਚੱਲ ਰਹੇ ਹਨ ਅਤੇ ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇੱਥੋਂ ਦਾ ਪ੍ਰਬੰਧ ਸੰਭਾਲ ਰਹੇ ਗਿਆਨੀ ਅਵਤਾਰ ਸਿੰਘ ਭੈਲ ਤੇ ਸ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਖ਼ਾਲਸਾ ਛਾਉਣੀ ਵਲੋਂ ਕਮਿਊਨਿਟੀ ਬੱਸ ਸੇਵਾ ਵੀ ਚਲਾਈ ਜਾਂਦੀ ਹੈ, ਜੋ ਪਲੰਪਟਨ, ਫੇਜ਼ਰਰਾਈਜ਼, ਬੋਨੀ ਬਰੂਕ, ਐਂਟਰੀ, ਰੌਕਬੈਂਕ, ਟਰੂਗਾਨੀਨਾ ਤੇ ਮੈਲਟਨ ਖੇਤਰਾਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਅਤੇ ਹੋਰ ਸਹਾਇਤਾ ਸੇਵਾਵਾਂ ਨਾਲ ਜੋੜਦੀ ਹੈ। ਇਹ ਬੱਸ ਸੇਵਾ ਹਰ ਵੀਰਵਾਰ ਤੇ ਐਤਵਾਰ ਉਪਲਬਧ ਰਹਿੰਦੀ ਹੈ। ਖ਼ਾਲਸਾ ਛਾਉਣੀ ਵਿਚ ਹਰ ਸਾਲ 5 ਤੋਂ 6 ਵੱਡੇ ਧਾਰਮਿਕ ਸਮਾਗਮ ਅਤੇ ਜੋੜ ਮੇਲੇ ਕਰਵਾਏ ਜਾਂਦੇ ਹਨ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਮੈਲਟਨ, ਕੈਰੋਲਾਈਨਸਪ੍ਰਿੰਗਜ਼, ਸਨਬਰੀ, ਟਰੂਗਾਨੀਨਾ ਤੇ ਵੱਡੇ ਖੇਤਰਾਂ ਤੋਂ ਸ਼ਾਮਿਲ ਹੁੰਦੀ ਹੈ। ਇੰਦੌਰ ਤੋਂ ਇੱਥੇ ਆਏ ਭਾਈ ਸਤਪਾਲ ਸਿੰਘ ਅਤੇ ਤਿੰਨ ਹੋਰ ਰਾਗੀ ਜਥੇ ਇੱਥੇ ਕੀਰਤਨ ਦੀ ਸੇਵਾ ਕਰ ਰਹੇ ਹਨ। ਚਾਰ ਗ੍ਰੰਥੀ ਸਿੰਘ ਤੇ ਹੋਰ ਅਨੇਕਾਂ ਵੱਖ-ਵੱਖ ਸੇਵਾਵਾਂ 'ਚ ਕਰੀਬਨ 30 ਸੇਵਾਦਾਰ ਹਨ। ਇਸ ਤੋਂ ਇਲਾਵਾ ਇੰਟਰਸਟੇਟ ਤੋਂ ਵੀ ਸੰਗਤ ਦਰਸ਼ਨ ਕਰਨ ਲਈ ਪਹੁੰਚਦੀ ਹੈ। ਆਸਟ੍ਰੇਲੀਆ ਵਿਚ ਆਉਂਦੇ ਜਥੇਦਾਰ, ਵੱਖ-ਵੱਖ ਸੰਪਰਦਾਇ ਦੇ ਸੰਤ-ਮਹਾਤਮਾ ਇਸ ਅਸਥਾਨ 'ਤੇ ਹਾਜ਼ਰੀ ਜ਼ਰੂਰ ਲਾਉਂਦੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਪਿਛਲੇ ਦਿਨੀਂ ਇੱਥੋਂ ਦੀ ਬਾਸਕਟਬਾਲ ਟੀਮ ਨੇ ਮੁਲਕਾਤ ਕੀਤੀ, ਉਨ੍ਹਾਂ ਦੀਆਂ ਖੇਡਾਂ ਪ੍ਰਤੀ ਰੁਚੀ ਦੇਖ ਕੇ ਉਹ ਬੇਹੱਦ ਖੁਸ਼ ਹੋਏ। ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ ਨੇ ਮੈਲਬੌਰਨ ਵਿਖੇ ਸਿੱਖ ਕੌਮ ਲਈ ਇਕ ਮਹੱਤਵਪੂਰਨ ਧਾਰਮਿਕ ਤੇ ਸਮਾਜਿਕ ਕੇਂਦਰ ਵਜੋਂ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ।
-ਅਜੀਤ ਪੱਤਰਕਾਰ, ਇੰਦੌਰ।
ਮੋਬਾਈਲ : 98933-65855