24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰੂ ਹਰਿਗੋਬਿੰਦ ਸਾਹਿਬ ਦੀਆਂ ਨੀਤੀਆਂ ਦਾ ਇਤਿਹਾਸਕ ਪ੍ਰਭਾਵ

ਅਜੀਤ ਡੈਸਕ 08-06-2026

ਸਿੱਖ ਧਰਮ ਰੂਹਾਨੀਅਤ, ਸਾਂਝੀਵਾਲਤਾ ਤੇ ਸਮਾਜਿਕ ਨਿਆਂ ਦੀ ਸਥਾਪਨਾ ਨਾਲ ਅਭੇਦ ਹੈ। ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੱਤਿਆਚਾਰੀ ਹਕੂਮਤ ਦੀ ਦਹਿਸ਼ਤ ਖ਼ਿਲਾਫ਼ ਲੋਕਾਂ ਨੂੰ ਖੜ੍ਹੇ ਕਰ ਕੇ ਤਵਾਰੀਖ ਦੇ ਨਵੇਂ ਪੰਨੇ 'ਤੇ ਇਨਸਾਫ਼ ਤੇ ਆਜ਼ਾਦੀ ਦੀ ਪਰਿਭਾਸ਼ਾ ਰੌਸ਼ਨ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਕੋਲ ਦਲਭੰਜਨ ਸੂਰਮੇ ਦਾ ਖ਼ਿਤਾਬ ਤੇ ਪਰਉਪਕਾਰ ਦੀ ਸਿਖ਼ਰ ਹੈ। ਉਨ੍ਹਾਂ ਕੋਲ ਰਾਜਨੀਤੀ ਨੂੰ ਧਰਮ ਅਨੁਸਾਰ ਮਾਨਵਤਾ ਲਈ ਕਲਿਆਣਕਾਰੀ ਬਣਾਉਣ ਦਾ ਸੁਨੇਹਾ ਹੈ। ਸੱਭਿਆਚਾਰ ਲਈ ਨਾਰੀ ਦਾ ਸਨਮਾਨ ਤੇ ਮਜ਼ਲੂਮਾਂ ਦੀ ਸੁਰੱਖਿਆ ਦਾ ਬਚਨ ਹੈ। ਸ਼ਾਹੀ ਤਖ਼ਤ ਦੀ ਧੌਂਸ ਦੀ ਥਾਂ ਅਕਾਲ ਤਖ਼ਤ ਦਾ ਨਿਰਭਉ ਨਿਰਵੈਰੁ ਵਿਗਾਸ ਹੈ। ਆਜ਼ਾਦੀ ਤੇ ਇਨਸਾਫ਼ ਦੀ ਸਥਾਪਨਾ ਲਈ ਸ਼ਕਤੀਸ਼ਾਲੀ ਬਣਨ ਦੀ ਪ੍ਰੇਰਨਾ ਹੈ। ਰੂਹਾਨੀਅਤ ਤੇ ਸੰਸਾਰਕ ਜ਼ਿੰਦਗੀ ਦਾ ਸੁਮੇਲ ਕਰਨ ਲਈ ਮੀਰੀ-ਪੀਰੀ ਦੀਆਂ ਤੇਗਾਂ ਦਾ ਵਜ਼ਦ ਹੈ। ਗੁਰੂ ਹਰਿਗੋਬਿੰਦ ਸਾਹਿਬ ਦਾ ਬਿੰਬ ਹਾਕਮ ਬਾਦਸ਼ਾਹ ਦੇ ਮੁਕਾਬਲੇ ਲੋਕ ਮਨਾਂ 'ਚ ਸੱਚੇ ਪਾਤਿਸ਼ਾਹ ਦੇ ਰੂਪ 'ਚ ਸਥਾਪਿਤ ਹੋ ਗਿਆ। ਉਨ੍ਹਾਂ ਨੇ ਦਹਿਸ਼ਤ ਦੇ ਸਾਏ ਤੋਂ ਕੌਮ ਨੂੰ ਮੁਕਤ ਕਰ ਕੇ ਮੁੜ ਜ਼ਿੰਦਗੀ ਦੀ ਪ੍ਰਭਾਤ ਦੇ ਸਨਮੁੱਖ ਕਰਨ ਦਾ ਮਹਾਨ ਕਾਰਨਾਮਾ ਕੀਤਾ। ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਲੋਕਾਂ 'ਚ ਡਰ ਪੈਦਾ ਹੋ ਗਿਆ ਸੀ। ਪਰ ਸਿੱਖਾਂ ਦਾ ਇਕ ਵਰਗ ਗੁਰੂ ਜੀ ਦੀ ਸ਼ਹਾਦਤ ਪਿੱਛੋਂ ਰੋਹ ਨਾਲ ਭਰਿਆ ਹੋਇਆ ਸੀ, ਜੋ ਹਕੂਮਤ ਨਾਲ ਆਰ-ਪਾਰ ਦੀ ਜੰਗ ਕਰਨ ਲਈ ਉਤਾਵਲਾ ਸੀ। ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਦਾ ਮਾਰਗਦਰਸ਼ਨ ਕਰ ਕੇ ਗਏ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਡਰੇ ਹੋਏ ਲੋਕਾਂ ਤੇ ਰੋਹ ਨਾਲ ਭਰੇ ਸਿੱਖ ਹਿਰਦਿਆਂ ਦੋਵਾਂ 'ਚ ਸੰਤੁਲਨ ਬਣਾਉਣ ਲਈ ਵਿਵੇਕ ਦੀ ਉਸਾਰੀ ਦਾ ਅਤਿ ਬਿਖ਼ਮ ਕਾਰਜ ਸਫ਼ਲਤਾ ਨਾਲ ਸਿਰੇ ਚੜ੍ਹਾਇਆ।
ਹਕੂਮਤ ਦੀ ਵੱਡੀ ਫੌਜ ਨੂੰ ਹਰਾ ਕੇ ਤਖ਼ਤਾ ਪਲਟਣਾ ਸੌਖਾ ਨਹੀਂ ਸੀ। ਸਿੱਧੀ ਟੱਕਰ ਸਿੱਖਾਂ ਲਈ ਅਤਿ ਘਾਤਕ ਸਿੱਧ ਹੋਣੀ ਸੀ। ਇਸ ਲਈ ਗੁਰੂ ਜੀ ਨੇ ਜ਼ਾਲਮ ਤੇ ਭ੍ਰਿਸ਼ਟ ਹਕੂਮਤ ਤੋਂ ਪਰਜਾ ਦੀ ਮੁਕਤੀ ਲਈ ਦੂਰਗਾਮੀ ਯੋਜਨਾ ਬਣਾਈ, ਜਿਸ 'ਤੇ ਫੂਕ-ਫੂਕ ਕੇ ਕਦਮ ਧਰੇ। ਗੁਰੂ ਜੀ ਦੇ ਮਾਨਵਤਾ ਨੂੰ ਆਤਮ-ਸਨਮਾਨ ਭਰਪੂਰ ਜ਼ਿੰਦਗੀ ਦਾ ਸੰਕਲਪ ਬਖ਼ਸ਼ਣ ਦੇ ਉਦੇਸ਼ ਨੂੰ ਹਕੂਮਤ ਦਾ ਖ਼ੌਫ਼ ਪ੍ਰਭਾਵਿਤ ਨਹੀਂ ਕਰ ਸਕਿਆਾ। ਗੁਰੂ ਜੀ ਨੇ ਸ਼ਾਹੀ ਤਖ਼ਤ ਦੇ ਮੁਕਾਬਲੇ ਅਕਾਲ ਤਖ਼ਤ ਦਾ ਨਿਰਮਾਣ ਕਰਵਾਇਆ। ਲੋਕ ਆਪਣੇ ਝਗੜੇ ਨਿਪਟਾਉਣ ਲਈ ਗੁਰੂ ਜੀ ਕੋਲ ਆਉਣ ਲੱਗੇ। ਗੁਰੂ ਜੀ ਨੇ ਸੰਗਤ ਨੂੰ ਘੋੜੇ ਤੇ ਸ਼ਾਸਤਰ ਲਿਆਉਣ ਲਈ ਕਿਹਾ। ਸੈਂਕੜੇ ਨੌਜਵਾਨ ਜ਼ੁਲਮ ਵਿਰੁੱਧ ਸਿਰ ਧੜ ਦੀ ਬਾਜ਼ੀ ਲਾਉਣ ਲਈ ਗੁਰੂ ਜੀ ਦੀ ਫੌਜ 'ਚ ਸ਼ਾਮਿਲ ਹੋਣ ਲੱਗੇ, ਜੋ ਕਦੇ ਆਪ ਹੁਦਰੇ ਨਹੀਂ ਹੋਏ ਤੇ ਹਮੇਸ਼ਾ ਗੁਰੂ ਦੇ ਹੁਕਮ 'ਚ ਰਹੇ। ਹਕੂਮਤ ਦੀਆਂ ਤਕੜੀਆਂ ਫੌਜਾਂ ਖ਼ਿਲਾਫ਼ ਹਿੱਕਾਂ ਤਾਣ ਕੇ ਲੜੇ ਤੇ ਵਿਰੋਧੀਆਂ ਨੂੰ ਭਾਜੜਾਂ ਪਾਈਆਂ। ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ 'ਚ ਜੋਸ਼ ਭਰਨ ਲਈ ਢਾਡੀ ਵਾਰਾਂ ਗਾਉਂਦੇ ਸਨ। ਸਿੱਖ ਹਥਿਆਰ ਚਲਾਉਣ ਦੀ ਸਿਖਲਾਈ ਲੈਂਦੇ ਤੇ ਕੁਸ਼ਤੀਆਂ ਨਾਲ ਖ਼ੁਦ ਨੂੰ ਬਲਵਾਨ ਬਣਾਉਂਦੇ। ਗੁਰੂ ਜੀ ਨੇ ਕਮਜ਼ੋਰੀ ਤੇ ਬੇਵਸੀ ਨੂੰ ਸਿੱਖ ਦੇ ਦਿਲ ਤੇ ਦਿਮਾਗ 'ਚੋਂ ਕੱਢ ਕੇ ਸਮਰੱਥਾ ਤੇ ਸੂਰਮਗਤੀ ਦੇ ਭਾਵ ਪ੍ਰਚੰਡ ਕੀਤੇ।
ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਸੰਗਤ ਬਾਦਸ਼ਾਹ ਨੂੰ ਕਰ (ਟੈਕਸ) ਦੇਣ ਦੇ ਮੁਕਾਬਲੇ ਗੁਰੂ ਜੀ ਨੂੰ ਭੇਟਾ ਦੇਣ ਪ੍ਰਤੀ ਕਿਤੇ ਵੱਧ ਸੁਹਿਰਦ ਸੀ। ਕਿਉਂਕਿ ਗੁਰੂ ਸਾਹਿਬ ਸੰਗਤ ਦਾ ਇਕ-ਇਕ ਪੈਸਾ ਮਾਨਵਤਾ ਦੀ ਸੇਵਾ 'ਚ ਲਾ ਰਹੇ ਸਨ। ਆਪਣੇ ਪਿਤਾ ਤੋਂ ਪ੍ਰਾਪਤ ਇਸ ਪਾਵਨ ਵਿਰਾਸਤ ਵਿਚ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਜੋੜ ਕੇ ਸਿੱਖਾਂ ਅੰਦਰ ਧਾਰਮਿਕ ਸਾਂਝੀਵਾਲਤਾ ਦੇ ਨਾਲ ਰਾਜਨੀਤਕ ਚੇਤਨਾ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ। ਗੁਰੂ ਜੀ ਗਰੀਬ ਲੋਕਾਂ ਨੂੰ ਰਾਜ-ਭਾਗ ਸੌਂਪ ਕੇ ਪਰਜਾ ਲਈ ਹਿਤਕਾਰੀ ਰਾਜ ਸਥਾਪਤ ਕਰਨ ਦਾ ਸੁਪਨਾ ਸਿੰਜੋ ਰਹੇ ਸਨ:-
ਤਿਨ ਕੋ ਬਾਜ ਨਹੀ ਮੈਂ ਦੇਨਾ
ਤਾਜ ਬਾਜ ਤਿਨ ਤੇ ਸਭ ਲੈਨਾ।
ਏਸ ਰਾਜ ਮੈ ਤਿਨ ਕਾ ਲੈਹੋ
ਗਰੀਬ ਅਨਾਥਿਨ ਕੋ ਸਭ ਦੇਹੋ।
(ਗੁਰ ਬਿਲਾਸ ਪਾਤਿਸ਼ਾਹੀ ਛੇਵੀਂ)
ਹਕੂਮਤ ਦੇ ਤਖ਼ਤ ਦੇ ਮੁਕਾਬਲੇ ਅਕਾਲ ਤਖ਼ਤ ਸਾਹਿਬ ਦੀ ਸੱਚੀ ਆਭਾ ਸਿੱਖ ਦੇ ਰੋਮ-ਰੋਮ 'ਚ ਸਮਾ ਗਈ। ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਤੇ ਭਾਈ ਸੁੰਦਰ, ਸ਼ਾਹ ਚੰਦ ਤੇ ਭਾਈ ਬਿਧੀ ਚੰਦ ਨੂੰ ਬੰਗਾਲ ਅਤੇ ਓਡੀਸ਼ਾ ਵੱਲ ਭੇਜਿਆ। ਬਲਖ ਤੇ ਬੁਖਾਰੇ ਲਈ ਭਾਈ ਸਾਧ ਨੂੰ ਜ਼ਿੰਮੇਵਾਰੀ ਸੌਂਪੀ। ਭਾਈ ਤਿਲੋਕਾ ਤੇ ਭਾਈ ਕਟਰੂ ਨੂੰ ਕਾਬੁਲ ਪ੍ਰਚਾਰ ਲਈ ਭੇਜਿਆ। ਗੁਰੂ ਜੀ ਖ਼ੁਦ ਕਸ਼ਮੀਰ ਤੇ ਪੀਲੀਭੀਤ ਤੱਕ ਕਾਫ਼ੀ ਪ੍ਰਸਿੱਧ ਸਥਾਨਾਂ 'ਤੇ ਗਏ। ਗੁਰੂ ਜੀ ਨੇ ਗਵਾਲੀਅਰ 'ਚ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋਣ ਸਮੇਂ ਨਾਲ 52 ਹੋਰ ਰਾਜਿਆਂ ਨੂੰ ਰਿਹਾਅ ਕਰਵਾ ਕੇ 'ਬੰਦੀ ਛੋੜ' ਦਾ ਮਾਣ ਹਾਸਿਲ ਕੀਤਾ। ਇਨ੍ਹਾਂ ਰਾਜਿਆਂ 'ਚ ਕਹਿਲੂਰ ਦਾ ਰਾਜਾ ਕਲਿਆਨ ਚੰਦ ਤੇ ਹੰਡੂਰ ਦਾ ਰਾਜਾ ਹਿੰਮਤ ਚੰਦ ਵੀ ਸ਼ਾਮਿਲ ਸੀ। ਕਲਿਆਨ ਚੰਦ ਦੇ ਪੋਤੇ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ (ਰਾਜਾ ਭੀਮ ਚੰਦ ਦੀ ਮਾਤਾ) ਦੀ ਬੇਨਤੀ 'ਤੇ ਹੀ ਗੁਰੂ ਤੇਗ਼ ਬਹਾਦਰ ਜੀ ਨੇ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ ਨਗਰ (ਅਨੰਦਪੁਰ ਸਾਹਿਬ) ਵਸਾਇਆ ਸੀ।
ਗੁਰੂ ਹਰਿਗੋਬਿੰਦ ਸਾਹਿਬ ਨੇ ਯੁੱਧ ਪਿੱਛੋਂ ਹਮਲਾਵਰ ਮੁਸਲਮਾਨਾਂ ਦਾ ਸੰਸਕਾਰ ਇਸਲਾਮੀ ਰੀਤਾਂ ਅਨੁਸਾਰ ਕਰਾਇਆ। ਨਗਰ ਵਿਚ ਮਸੀਤ ਵੀ ਬਣਵਾਈ। ਗੁਰੂ ਜੀ ਨੇ ਯੁੱਧਾਂ 'ਚ ਬੇਮਿਸਾਲ ਬਹਾਦਰੀ ਦਿਖਾਈ। ਅੰਮ੍ਰਿਤਸਰ ਦੇ ਯੁੱਧ 'ਚ ਮੁਖ਼ਲਿਸ ਖ਼ਾਨ, ਹਰਿਗੋਬਿੰਦਪੁਰ ਦੇ ਯੁੱਧ 'ਚ ਅਬਦੁੱਲਾ, ਰਤਨ ਚੰਦ ਤੇ ਕਰਮ ਚੰਦ, ਲਹਿਰਾ ਦੇ ਯੁੱਧ 'ਚ ਲੱਲਾ ਬੇਗ ਤੇ ਕਮਰ ਬੇਗ, ਕਰਤਾਰਪੁਰ ਦੇ ਯੁੱਧ 'ਚ ਪੈਂਦੇ ਖ਼ਾਂ ਤੇ ਕਾਲੇ ਖ਼ਾਂ ਵਰਗੇ ਖੂੰਖਾਰ ਜਰਨੈਲਾਂ ਦਾ ਹੰਕਾਰ ਗੁਰੂ ਜੀ ਦੀ ਤੇਗ਼ ਨਾਲ ਮਿੱਟੀ ਵਿਚ ਮਿਲ ਗਿਆ। ਗੁਰੂ ਜੀ ਦੀਆਂ ਜੰਗਾਂ ਨੇ ਲੋਕਾਂ 'ਚ ਵਿਸ਼ਵਾਸ ਜਗਾਇਆ ਕਿ ਸ਼ਕਤੀਸ਼ਾਲੀ ਸਮਝੇ ਜਾ ਰਹੇ ਮੁਗ਼ਲ ਹਾਕਮਾਂ ਨੂੰ ਹਰਾਇਆ ਜਾ ਸਕਦਾ ਹੈ। ਇੱਥੋਂ ਸਿੱਖਾਂ ਦੀਆਂ ਜਿੱਤਾਂ ਦਾ ਸਿਲਸਲਾ ਸ਼ੁਰੂ ਹੋਇਆ। 18ਵੀਂ ਸਦੀ 'ਚ ਸਿੱਖਾਂ ਨੇ ਪੰਜਾਬ ਵਿਚ ਜ਼ਾਲਮ ਹਕੂਮਤ ਦਾ ਰਾਜ ਖ਼ਤਮ ਕੀਤਾ ਤੇ ਲੋਕ ਹਿਤੈਸ਼ੀ ਸਿੱਖ ਰਾਜ ਸਥਾਪਤ ਕੀਤਾ।
ਗੁਰੂ ਜੀ ਨੇ ਸੰਗਤ ਨੂੰ ਉਸਾਰੂ ਵਿਚਾਰਧਾਰਾ ਨਾਲ ਜੋੜਿਆ। ਬਾਹਰੀ ਭੇਖ ਦੀ ਥਾਂ ਆਚਰਨ ਦੀ ਸੁੱਚਤਾ ਨੂੰ ਪ੍ਰਮੁੱਖਤਾ ਦਿੱਤੀ। ਇਸਤਰੀ ਨੂੰ ਭਗਤੀ 'ਚ ਰੁਕਾਵਟ ਦੀ ਥਾਂ ਪਤੀ ਦਾ ਈਮਾਨ ਕਾਇਮ ਰੱਖਣ ਵਾਲੀ ਜੀਵਨ ਸਾਥਣ ਦੇ ਰੂਪ ਵਿਚ ਮਾਣ ਬਖ਼ਸ਼ਿਆ। ਦੌਲਤ ਨੂੰ ਗੁਰੂ ਸਾਹਿਬ ਨੇ ਜ਼ਿੰਦਗੀ ਦਾ ਮਨੋਰਥ ਬਣਾਉਣ ਦੀ ਥਾਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਦੇ ਸਾਧਨ ਵਜੋਂ ਦੇਖਿਆ। ਸਿੱਖ ਧਰਮ ਗ਼ਰੀਬਾਂ ਦਾ ਸ਼ੋਸ਼ਣ ਕਰਕੇ ਦੌਲਤ ਇਕੱਠੀ ਕਰਨ ਦੀ ਥਾਂ ਮਿਹਨਤ ਨਾਲ ਸੱਚੀਂ ਸੁੱਚੀ ਕਿਰਤ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਧਰਮ ਦਾ ਅਹਿਮ ਹਿੱਸਾ ਮੰਨਦਾ ਹੈ। ਸ਼ਸਤਰ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਅਰਥਾਤ ਜ਼ੁਲਮ ਨੂੰ ਖ਼ਤਮ ਕਰ ਦਿੰਦੇ ਹਨ। ਗੁਰੂ ਜੀ ਕੋਲ ਸੰਨਿਆਸ ਤੇ ਭੋਗ ਤੋਂ ਪਾਰ ਜ਼ਿੰਦਗੀ ਦਾ ਖੂਬਸੂਰਤ ਪੈਗ਼ਾਮ ਹੈ। ਦਬਿਸਤਾਨ ਮੁਜ਼ਾਹਿਬ ਅਨੁਸਾਰ, ਗੁਰੂ ਜੀ ਵਰਗੀਆਂ ਪਾਵਨ ਰੂਹਾਂ ਸੰਸਾਰ 'ਚ ਕਦੇ-ਕਦੇ ਹੀ ਆਉਂਦੀਆਂ ਹਨ। ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ, ਪੰਜਾਬ 'ਤੇ ਵਿਦੇਸ਼ੀ ਹੁਕਮਰਾਨਾਂ ਦੇ ਕਬਜ਼ੇ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ 600 ਸਾਲ ਦੇ ਲੰਮੇ ਸਮੇਂ ਮਗਰੋਂ ਦੇਸ਼ ਤੇ ਮਨੁੱਖਤਾ ਦੇ ਪਹਿਲੇ ਨਾਇਕ ਸਨ, ਜਿਨ੍ਹਾਂ ਨੇ ਧਰਮ ਯੁੱਧ ਦਾ ਅਸਲੀ ਪਾਠ ਪੜ੍ਹਾਇਆ। ਗੁਰੂ ਜੀ ਨੇ ਰਾਜਨੀਤਕ ਗੁਲਾਮੀ ਦੇ ਸੰਗਲ ਤੋੜਨ ਲਈ ਜਨਤਾ ਨੂੰ ਸਹੀ ਰਾਹ ਦਿਖਾ ਕੇ ਬੇਮਿਸਾਲ ਸੇਵਾ ਕੀਤੀ।
ਹਾਰੇ-ਹੰਭੇ ਲੋਕਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਉਮੀਦ ਦਾ ਅਕਾਸ਼ ਤੇ ਮਾਨਵਤਾ ਪ੍ਰ੍ਰਤੀ ਫ਼ਰਜ਼ਾਂ ਦੀ ਜ਼ਮੀਨ ਦਿੱਤੀ। ਬਹਾਦਰੀ ਨੂੰ ਸਮਝਦਾਰੀ ਤੇ ਹੱਕ-ਸੱਚ ਨਾਲ ਜੋੜ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਲਾਸਾਨੀ ਪੰਨਾ ਲਿਖਿਆ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਇਕ ਸਿੱਖ ਨੂੰ ਸਵਾ ਲੱਖ ਫੌਜ ਨਾਲ ਲੜਾਉਣ ਦਾ ਮਹਾਨ ਕਾਰਜ ਕਰ ਕੇ ਇਤਿਹਾਸ ਸਿਰਜਿਆ।

-284, ਮਾਸਟਰ ਕਾਲੋਨੀ, ਵਾਰਡ ਨੰਬਰ 7, ਕੁਰਾਲੀ।
ਮੋਬਾਈਲ : 70093-56607

ਪਿਛਲੀ ਖ਼ਬਰ ਕੌਮੀ ਸਿੱਖ ਆਗੂ ਬਾਬਾ ਖੜਕ ਸਿੰਘ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਧਾਰਮਿਕ ਤੇ ਸਮਾਜਿਕ ਸੇਵਾਵਾਂ ਦਾ ਕੇਂਦਰ ਗੁਰਦੁਆਰਾ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ, ਮੈਲਬੌਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।