24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੌਮੀ ਸਿੱਖ ਆਗੂ ਬਾਬਾ ਖੜਕ ਸਿੰਘ ਨੂੰ ਯਾਦ ਕਰਦਿਆਂ

ਅਜੀਤ ਡੈਸਕ 08-06-2026

ਬਾਬਾ ਖੜਕ ਸਿੰਘ ਸਿੱਖਾਂ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੌਮੀ ਸਿੱਖ ਆਗੂ ਸਨ। ਸਿੱਖ ਕੌਮ ਦੀ ਮੌਜੂਦਾ ਪਾਰਲੀਮੈਂਟ ਤੇ ਸਿਰਮੌਰ ਸਿੱਖ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਉਹ ਤਿੰਨ ਵਾਰ ਪ੍ਰਧਾਨ ਰਹੇ। ਉਹ ਦ੍ਰਿੜ੍ਹ ਨਿਸਚੈ ਵਾਲੀ ਜੁਝਾਰੂ ਸ਼ਖ਼ਸੀਅਤ ਸਨ। ਉਨ੍ਹਾਂ ਦਾ ਜਨਮ 6 ਜੂਨ 1868 ਈ: ਨੂੰ ਰਾਏ ਬਹਾਦਰ ਸ. ਹਰੀ ਸਿੰਘ ਦੇ ਗ੍ਰਹਿ ਵਿਖੇ ਸਿਆਲਕੋਟ (ਅੱਜ ਪਾਕਿਸਤਾਨ 'ਚ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਠੇਕੇਦਾਰ ਤੇ ਸਨਅਤਕਾਰ ਸਨ। ਬਾਬਾ ਜੀ ਨੇ ਮੈਟ੍ਰਿਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ਸਿਆਲਕੋਟ ਤੋਂ ਪਾਸ ਕੀਤਾ। ਸਰਕਾਰੀ ਕਾਲਜ ਲਾਹੌਰ ਤੋਂ 1889 ਈ: ਵਿਚ ਬੈਚੂਲਰ ਦੀ ਡਿਗਰੀ ਪ੍ਰਾਪਤ ਕੀਤੀ। ਇਲਾਹਾਬਾਦ ਦੇ ਲਾਅ ਕਾਲਜ 'ਚ ਦਾਖਲਾ ਲਿਆ, ਪਰ ਪਿਤਾ ਤੇ ਵੱਡੇ ਭਰਾ ਦੀ ਮੌਤ ਕਾਰਨ ਉਨ੍ਹਾਂ ਨੂੰ ਵਾਪਸ ਆਪਣੇ ਸ਼ਹਿਰ ਸਿਆਲਕੋਟ ਆਉਣਾ ਪਿਆ। 1912 ਵਿਚ ਉਨ੍ਹਾਂ ਨੇ ਲੋਕ ਸੇਵਾ ਵਿਚ ਪ੍ਰਵੇਸ਼ ਕੀਤਾ। ਉਸ ਸਮੇਂ ਦੇਸ਼ ਦੇ ਲੋਕ ਗੁਰਬਤ ਤੇ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਸਨ। ਇਸ ਤੋਂ ਬਾਅਦ ਹੀ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਵਾਪਰਦਾ ਹੈ, ਜਿਸ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਹੀ ਸਾਕਾ ਉਨ੍ਹਾਂ ਨੂੰ ਰਾਜਨੀਤੀ 'ਚ ਕੁੱਦਣ ਲਈ ਪ੍ਰੇਰਦਾ ਹੈ। 1920 ਵਿਚ ਤੇਜ਼ ਤਰਾਰ ਸਿੱਖ ਆਗੂ ਹੋਣ ਕਾਰਨ ਉਨ੍ਹਾਂ ਨੂੰ ਸੈਂਟਰਲ ਸਿੱਖ ਲੀਗ ਦਾ ਪ੍ਰਧਾਨ ਚੁਣਿਆ ਗਿਆ। ਦੇਸ਼ ਦੀ ਆਜ਼ਾਦੀ ਲਈ ਚੱਲੀ ਨਾ-ਮਿਲਵਰਤਨ ਲਹਿਰ ਵਿਚ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਪੰਜਾਬ ਦੇ ਸਰਗਰਮ ਆਗੂ ਵਜੋਂ ਯੋਗਦਾਨ ਪਾਇਆ। 1921 'ਚ ਨਵੀਂ ਬਣੀ ਸ਼੍ਰੋਮਣੀ ਕਮੇਟੀ ਦਾ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਇਨ੍ਹਾਂ ਦੀ ਅਗਵਾਈ ਵਿਚ ਹੀ ਸਫ਼ਲਤਾ ਨਾਲ ਜਿੱਤਿਆ ਗਿਆ ਸੀ। 26 ਨਵੰਬਰ 1921 ਨੂੰ ਅੰਗਰੇਜ਼ ਹਕੂਮਤ ਵਿਰੁੱਧ ਸਖ਼ਤ ਤਕਰੀਰ ਕਰਨ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰ ਵਿਰੋਧੀ ਪ੍ਰਚਾਰ ਦੇ ਇਵਜ਼ ਵਜੋਂ ਉਨ੍ਹਾਂ 6 ਮਹੀਨੇ ਸਖ਼ਤ ਕੈਦ ਦੀ ਸਜ਼ਾ ਕੱਟੀ। 1922 ਵਿਚ ਕਿਰਪਾਨਾਂ ਬਣਾਉਣ ਦੀ ਫੈਕਟਰੀ ਚਲਾਉਣ ਦੇ ਦੋਸ਼ 'ਚ ਇਕ ਸਾਲ ਹੋਰ ਕੈਦ ਹੋ ਗਈ। ਨਾਲ ਹੀ ਅੰਗਰੇਜ਼ ਹਕੂਮਤ ਦੇ ਵਿਰੋਧ ਵਿਚ ਭੜਕਾਊ ਭਾਸ਼ਨ ਦੇਣ 'ਤੇ 3 ਸਾਲ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਜਦੋਂ ਇਸ ਸਜ਼ਾ ਅਧੀਨ ਡੇਰਾ ਗਾਜ਼ੀਖ਼ਾਨ (ਪਾਕਿਸਤਾਨ) ਵਿਖੇ ਅਨੇਕਾਂ ਹੋਰ ਰਾਜਸੀ ਕੈਦੀਆਂ ਨੂੰ ਜੇਲ੍ਹ ਵਿਚ ਕਾਲੀ ਦਸਤਾਰ ਤੇ ਗਾਂਧੀ ਟੋਪੀ 'ਤੇ ਪਾਬੰਦੀ ਲਾ ਦਿੱਤੀ ਗਈ ਤਾਂ ਉਨ੍ਹਾਂ ਰਾਜਸੀ ਕੈਦੀਆਂ ਨੂੰ ਹੱਕ ਦਿਵਾਉਣ ਖ਼ਾਤਰ ਸਾਰੀ ਕੈਦ ਇਕੱਲੇ ਕਛਹਿਰੇ ਨਾਲ ਹੀ ਕੱਟੀ। ਇਸੇ ਦੌਰਾਨ ਜਦੋਂ 1925 ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਐਕਟ ਬਣਾਇਆ ਤਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਬਾਬਾ ਜੀ ਜਦੋਂ ਨੰਗੇ ਪਿੰਡੇ ਕੈਦ ਕੱਟ ਰਹੇ ਸਨ ਤਾਂ ਉਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। 4 ਜੂਨ 1927 ਨੂੰ ਉਹ ਰਿਹਾਅ ਹੋ ਗਏ। 1930 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਪਿੱਛੋਂ ਹੋਏ ਜਨਰਲ ਇਜਲਾਸ 'ਚ ਉਨ੍ਹਾਂ ਨੂੰ ਫਿਰ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਨੇ 1928-29 'ਚ ਨਹਿਰੂ ਕਮੇਟੀ ਰਿਪੋਰਟ ਦਾ ਸਖ਼ਤ ਵਿਰੋਧ ਕੀਤਾ। ਦੇਸ਼ ਵੰਡ ਪਿੱਛੋਂ ਉਹ ਦਿੱਲੀ ਆ ਵਸੇ। ਇੱਥੇ ਇਨ੍ਹਾਂ ਦੇ ਇਕਲੌਤੇ ਲੜਕੇ ਪ੍ਰਿਥੀਪਾਲ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਮਰ ਦੇ ਆਖ਼ਰੀ ਸਾਲਾਂ 'ਚ ਇਸ ਵੱਡੇ ਦੁੱਖ ਨੂੰ ਉਨ੍ਹਾਂ ਭਾਣਾ ਮੰਨ ਕੇ ਪ੍ਰਵਾਨ ਕੀਤਾ। ਉਹ 95 ਵਰ੍ਹਿਆਂ ਦੀ ਉਮਰ ਵਿਚ 6 ਅਕਤੂਬਰ 1963 ਨੂੰ ਦਿੱਲੀ ਵਿਖੇ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਯਾਦ 'ਚ ਕਨਾਟ ਪਲੇਸ ਤੋਂ ਗੋਲ ਮਾਰਕੀਟ ਨੂੰ ਜਾਂਦੀ ਸੜਕ ਦਾ ਨਾਂਅ ਬਾਬਾ ਖੜਕ ਸਿੰਘ ਮਾਰਗ ਰੱਖਿਆ ਗਿਆ। ਕੌਮੀ ਮਰਜੀਵੜਿਆਂ ਦੇ ਮਨਾਂ 'ਚ ਉਨ੍ਹਾਂ ਦੀ ਯਾਦ ਹਮੇਸ਼ਾ ਬਣੀ ਰਹੇਗੀ।

ਪਿਛਲੀ ਖ਼ਬਰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ (ਅੰਮ੍ਰਿਤਸਰ) ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਨੀਤੀਆਂ ਦਾ ਇਤਿਹਾਸਕ ਪ੍ਰਭਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।