24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ (ਅੰਮ੍ਰਿਤਸਰ)

ਅਜੀਤ ਡੈਸਕ 08-06-2026

ਮੁਗ਼ਲ ਬਾਦਸ਼ਾਹ ਦਿਨ-ਬ-ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਧ ਰਹੇ ਪ੍ਰਭਾਵ ਤੋਂ ਈਰਖਾ ਕਰਦਾ ਸੀ। ਸ਼ੇਖ਼ ਅਹਿਮਦ ਸਰਹੰਦੀ ਵਰਗੇ ਕੱਟੜਪੰਥੀ ਵੀ ਜਹਾਂਗੀਰ ਨੂੰ ਗੁਰੂ ਸਾਹਿਬ ਖ਼ਿਲਾਫ਼ ਭੜਕਾ ਰਹੇ ਸਨ। ਲਾਹੌਰ ਦੇ ਦੀਵਾਨ ਚੰਦੂ ਨੇ ਵੀ ਰਿਸ਼ਤੇ ਬਾਬਤ ਜਹਾਂਗੀਰ ਦੇ ਕੰਨ ਭਰੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬਾਦਸ਼ਾਹ ਵਲੋਂ ਭੇਜੇ ਬੁਲਾਵੇ ਦਾ ਹੁਕਮ ਸੁਣਾਇਆ ਗਿਆ। ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਜੇਠ ਵਦੀ 8 ਸੰਮਤ 1663 ਸੰਨ 1606 ਈ: ਨੂੰ ਕੋਠਾ ਸਾਹਿਬ ਵਾਲੇ ਕਮਰੇ ਵਿਚ (ਗੁਰੂ) ਹਰਿਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਬੁਲਾਇਆ। ਪੰਚਮ ਪਾਤਿਸ਼ਾਹ ਨੇ (ਗੁਰੂ) ਹਰਿਗੋਬਿੰਦ ਸਾਹਿਬ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾਂ ਕਰ ਕੇ ਮੱਥਾ ਟੇਕ ਕੇ ਕਿਹਾ ਇਹ ਸਾਥੋਂ ਬਾਅਦ ਸਾਡਾ ਗੁਰੂ ਰੂਪ ਹੋਣਗੇ। ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰਤਾਗੱਦੀ ਲਈ ਕੇਸਰ ਤੇ ਚੰਦਨ ਦਾ ਤਿਲਕ ਲਾ ਦਿੱਤਾ। ਉਸ ਸਮੇਂ (ਗੁਰੂ) ਹਰਿਗੋਬਿੰਦ ਸਾਹਿਬ ਦੀ ਉਮਰ 11 ਸਾਲ ਦੇ ਕਰੀਬ ਸੀ। ਇਸ ਦੇ ਨਾਲ ਹੀ ਪੰਚਮ ਪਾਤਿਸ਼ਾਹ ਨੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਤੇ ਨਾਲ ਹੀ ਕਿਹਾ ਹੁਣ ਤਖ਼ਤ 'ਤੇ ਬੈਠਣ ਦਾ ਸਮਾਂ ਆ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਜੀ ਪਿਤਾ ਦੇ ਹੁਕਮ ਅਨੁਸਾਰ ਤਖ਼ਤ ਉਸਾਰਨਾ ਚਾਹੁੰਦੇ ਸਨ। ਉਨ੍ਹਾਂ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰ ਕੇ ਕੋਠਾ ਸਾਹਿਬ ਦੇ ਖੱਬੇ ਪਾਸੇ ਅਕਾਲ ਤਖ਼ਤ ਸਾਹਿਬ ਬਣਾਉਣ ਲਈ ਸਥਾਨ ਚੁਣਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਹਾਜ਼ਰੀ 'ਚ ਅਰਦਾਸ ਕਰਨ ਉਪਰੰਤ 15 ਜੂਨ, 1606 ਹਾੜ ਵਦੀ ਪੰਚਮੀ ਸੰਮਤ 1663 ਈ: ਨੂੰ ਤਖ਼ਤ ਦੀ ਪਹਿਲੀ ਇੱਟ ਰੱਖ ਕੇ ਬਾਕੀ ਉਸਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਕਰਵਾਈ। ਥੋੜ੍ਹੇ ਸਮੇਂ ਵਿਚ ਹੀ ਤਖ਼ਤ ਦਾ ਥੜਾ ਤਿਆਰ ਹੋ ਗਿਆ। ਗੁਰੂ ਜੀ ਨੇ ਕਿਹਾ, ਇਹ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਤਖ਼ਤ ਹੈ। ਗੁਰੂ ਜੀ ਵਲੋਂ ਅਕਾਲ ਤਖ਼ਤ ਸਾਹਿਬ 'ਤੇ ਸਮਾਗਮ ਦੀ ਤਰੀਕ ਰੱਖੀ ਗਈ ਤੇ ਸੰਗਤ ਨੂੰ ਹੁੰਮ-ਹੁਮਾ ਕੇ ਪੁੱਜਣ ਲਈ ਹੁਕਮਨਾਵੇਂ ਭੇਜੇ। ਨਾਲ ਹੀ ਲਿਖ ਭੇਜਿਆ ਸ਼ਸ਼ਤਰ ਤੇ ਵਧੀਆ ਘੋੜੇ ਆਦਿ ਲੈ ਕੇ ਆਓ। ਗੁਰੂ ਜੀ ਦੇ ਬੈਠਣ ਲਈ ਸਿੰਘਾਸਣ ਸਿਜਾਇਆ ਗਿਆ। ਅਕਾਲ ਤਖ਼ਤ ਦੇ ਸਾਹਮਣੇ ਸੰਗਤਾਂ ਨਾਲ ਦੀਵਾਨ ਭਰਿਆ ਹੋਇਆ ਸੀ। ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾਈਆਂ। ਤੀਰਾਂ ਦਾ ਭਰਿਆ ਭੱਥਾ ਲੱਕ ਨਾਲ ਸਜਾਇਆ। ਗੁਰੂ ਜੀ ਨੇ ਖੱਬੇ ਹੱਥ ਵਿਚ ਭਾਰੀ ਧਨੁੱਸ਼ ਫੜਿਆ ਤੇ ਸੱਜੇ ਹੱਥ ਨਾਲ ਤੀਰ ਫੜ ਕੇ ਘੁਮਾਇਆ। ਗੁਰੂ ਜੀ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਮਗਰੋਂ ਅੰਮ੍ਰਿਤਸਰ ਦੇ ਚਾਰੇ ਪਾਸੇ ਕਿਲ੍ਹਾਬੰਦੀ ਕਰਵਾ ਦਿੱਤੀ ਤਾਂ ਕੇ ਗੁਰੂਘਰ ਦਾ ਕੋਈ ਦੋਖੀ ਅਚਾਨਕ ਹਮਲਾ ਨਾ ਕਰ ਸਕੇ। 'ਲੋਹਗੜ੍ਹ' ਨਾਮੀ ਇਕ ਕਿਲ੍ਹਾ ਤਿਆਰ ਕਰਾਇਆ ਗਿਆ, ਜਿੱਥੇ ਗੁਰੂ ਜੀ ਦੇ ਘੋੜ ਸਵਾਰ ਰਿਹਾ ਕਰਦੇ ਸਨ। 1628 ਈ: ਵਿਚ ਇਕ ਦਿਨ ਸ਼ਾਹਜਹਾਂ ਅੰਮ੍ਰਿਤਸਰ ਨੇੜੇ ਸ਼ਿਕਾਰ ਖੇਡ ਰਿਹਾ ਸੀ। ਗੁਮਟਾਲਾ ਦੇ ਅਸਥਾਨ 'ਤੇ ਉਸ ਦਾ ਮਨਪਸੰਦ ਬਾਜ਼ ਭੁੱਲ ਕੇ ਦੂਰ ਚਲਾ ਗਿਆ, ਜੋ ਸ਼ਿਕਾਰ ਖੇਡ ਰਹੇ ਗੁਰੂ ਜੀ ਦੇ ਸਿੰਘਾਂ ਹੱਥ ਆ ਗਿਆ। ਬਾਜ਼ ਲੈਣ ਆਇਆਂ ਨੂੰ ਉਨ੍ਹਾਂ ਨੇ ਬਾਜ਼ ਨਾ ਦਿੱਤਾ ਕਿਉਂਕਿ ਸਿੰਘ ਉਨ੍ਹਾਂ ਨੂੰ ਪਛਾਣਦੇ ਨਹੀਂ ਸਨ। ਉਨ੍ਹਾਂ ਜਾ ਕੇ ਬਾਦਸ਼ਾਹ ਨੂੰ ਸਾਰੀ ਵਿੱਥਿਆ ਸੁਣਾਈ। ਇੱਥੇ ਹਰ ਸਾਲ 25 ਜੇਠ (8 ਜੂਨ) ਨੂੰ ਜਿੱਤ ਦੀ ਖੁਸ਼ੀ ਵਿਚ 'ਫ਼ਤਹਿ ਦਿਵਸ' ਮਨਾਇਆ ਜਾਂਦਾ ਹੈ। ਬਾਦਸ਼ਾਹ ਨੇ ਮੁਖ਼ਲਿਸ ਖ਼ਾਂ ਦੀ ਕਮਾਨ ਹੇਠ ਗੁਰੂ ਜੀ ਨੂੰ ਫੜ ਕੇ ਲਾਹੌਰ ਲਿਆਉਣ ਲਈ ਇਕ ਫੌਜੀ ਟੋਲੀ ਭੇਜ ਦਿੱਤੀ। ਇਸ ਗੱਲ ਤੋਂ ਗੁਰੂ ਜੀ ਦਾ ਮੁਗ਼ਲਾਂ ਨਾਲ ਯੁੱਧ ਸ਼ੁਰੂ ਹੋ ਗਿਆ। ਗੁਰੂ ਜੀ ਦੀ ਜੰਗ ਕਰਨ ਦੀ ਕੋਈ ਤਿਆਰੀ ਨਹੀਂ ਸੀ। ਉਨ੍ਹਾਂ ਨੂੰ ਇਕ ਡਿੱਗੇ ਪਏ ਦਰੱਖਤ ਦੇ ਤਣੇ ਵਿਚਲੇ ਖੋੜ੍ਹ ਤੋਂ ਆਰਜ਼ੀ ਤੋਪ ਬਣਾਉਣੀ ਪਈ। ਇਹ ਤੋਪ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਲੋਹਗੜ੍ਹ ਗੇਟ 'ਚ ਅੱਜ ਵੀ ਮੌਜੂਦ ਹੈ। ਇਸ ਯੁੱਧ ਵਿਚ ਮੁਖ਼ਲਿਸ ਖ਼ਾਂ ਮਾਰਿਆ ਗਿਆ ਤੇ ਮੁਗ਼ਲ ਸੈਨਾ ਹਾਰ ਦੀ ਹਾਲਤ ਵਿਚ ਪਿੱਛੇ ਮੁੜ ਗਈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਹ ਪਹਿਲੀ ਜੰਗ ਸੀ, ਜੋ ਉਨ੍ਹਾਂ ਨੇ ਫ਼ਤਹਿ ਕੀਤੀ। ਇਸ ਜੰਗ ਵਿਚ ਗੁਰੂ ਜੀ ਦੇ 13 ਸਿੰਘ ਸ਼ਹੀਦ ਹੋਏ। ਜਿਸ ਜਗ੍ਹਾ 'ਤੇ ਬਾਜ਼ ਗੁਰੂ ਜੀ ਦੀ ਸ਼ਰਨ ਆਇਆ ਸੀ, ਉੱਥੇ ਗੁਰਦੁਆਰਾ ਪਲਾਹ ਸਾਹਿਬ ਸੁਸ਼ੋਭਿਤ ਹੈ।
-ਕੈਲਪੁਰ ਰੋਡ, ਮੁੱਲਾਂਪੁਰ ਦਾਖਾ।
ਮੋਬਾਈਲ : 84274-54104

ਪਿਛਲੀ ਖ਼ਬਰ ਸਿੱਖੀ ਦੇ ਪ੍ਰਚਾਰ 'ਚ ਲੱਗੇ ਢਾਡੀ ਜਸਪਾਲ ਸਿੰਘ ਤਾਨ ਅਗਲੀ ਖ਼ਬਰ ਕੌਮੀ ਸਿੱਖ ਆਗੂ ਬਾਬਾ ਖੜਕ ਸਿੰਘ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।