24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ:, ਗਲੀਆਂ ਗੰਦਗੀ ਨਾਲ ਭਰੀਆਂ

ਜਲੰਧਰ, 24 ਅਗਸਤ (ਦਵਿੰਦਰ) - ਜਲੰਧਰ ਵਿਚ ਨਗਰ ਨਿਗਮ ਦੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਪੰਜਵੇਂ ਦਿਨ ਵਿਚ ਦਾਖਲ ਹੋ ਗਈ, ਜਿਸ ਕਾਰਨ ਸ਼ਹਿਰ ਭਰ ਵਿਚ ਸਫ਼ਾਈ ਵਿਵਸਥਾ ਵਿਚ ਪੂਰੀ ਤਰ੍ਹਾਂ ਚਰਮਰਾ ਗਈ। ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ...

ਅਜੀਤ ਡੈਸਕ 24-08-2026

ਜਲੰਧਰ, 24 ਅਗਸਤ (ਦਵਿੰਦਰ) - ਜਲੰਧਰ ਵਿਚ ਨਗਰ ਨਿਗਮ ਦੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਪੰਜਵੇਂ ਦਿਨ ਵਿਚ ਦਾਖਲ ਹੋ ਗਈ, ਜਿਸ ਕਾਰਨ ਸ਼ਹਿਰ ਭਰ ਵਿਚ ਸਫ਼ਾਈ ਵਿਵਸਥਾ ਵਿਚ ਪੂਰੀ ਤਰ੍ਹਾਂ ਚਰਮਰਾ ਗਈ। ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ, ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ। ਹਾਲ ਹੀ ਵਿਚ ਹੋਈ ਬਾਰਿਸ਼ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ, ਜਿਸ ਨਾਲ ਸ਼ਹਿਰ ਵਿਚ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਹੈ।
ਯੂਨੀਅਨ ਦੇ ਚੇਅਰਮੈਨ ਹੀਰੋ ਸੱਭਰਵਾਲ ਨੇ ਗੱਲਬਾਤ ਦੌਰਾਨ ਸ਼ਹਿਰ ਦੀ ਵਿਗੜਦੀ ਸਥਿਤੀ ਲਈ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਲੰਧਰ, ਜੋ ਕਦੇ ਪੰਜਾਬ ਭਰ ਵਿਚ 'ਸਵੱਛ ਭਾਰਤ ਅਭਿਆਨ' ਵਿਚ ਮੋਹਰੀ ਸੀ, ਹੁਣ ਨਗਰ ਨਿਗਮ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਜ਼ਿੱਦੀ ਰਵੱਈਏ ਕਾਰਨ ਗੰਦਗੀ ਨਾਲ ਪੀੜਤ ਹੈ। ਪ੍ਰਸ਼ਾਸਨ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ।
ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿਚ ਨਵੀਂ ਸਥਾਈ ਭਰਤੀ, ਮਹਿੰਗਾਈ ਭੱਤਾ (ਡੀਏ) ਜਾਰੀ ਕਰਨਾ ਅਤੇ ਰੋਸਟਰ ਸਿਸਟਮ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਕਰਮਚਾਰੀ ਯੂਨੀਅਨਾਂ ਲਗਭਗ 600 ਕਰੋੜ ਰੁਪਏ ਦੀ ਠੇਕਾ ਪ੍ਰਣਾਲੀ ਸ਼ੁਰੂ ਕਰਨ ਦਾ ਸਖ਼ਤ ਵਿਰੋਧ ਕਰ ਰਹੀਆਂ ਹਨ। ਰੱਖੜੀ ਵਰਗੇ ਵੱਡੇ ਤਿਉਹਾਰਾਂ 'ਤੇ ਜਨਤਾ ਨੂੰ ਹੋ ਰਹੀ ਅਸੁਵਿਧਾ ਬਾਰੇ, ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਸੀ ਉਨ੍ਹਾਂ ਦੇ ਆਪਣੇ ਹਨ ਅਤੇ ਉਹ ਉਨ੍ਹਾਂ ਦੇ ਦੁੱਖਾਂ ਨੂੰ ਸਮਝਦੇ ਹਨ, ਪਰ ਜਦੋਂ ਤੱਕ ਸ਼ਹਿਰ ਨੂੰ ਸਾਫ਼ ਰੱਖਣ ਲਈ ਜ਼ਿੰਮੇਵਾਰ ਭਾਈਚਾਰੇ ਨੂੰ ਆਪਣਾ ਹੱਕ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਕਰਨਾ ਜ਼ਰੂਰੀ ਹੈ।
ਸੀਨੀਅਰ ਯੂਨੀਅਨ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦੀ ਇਕ ਟੀਮ ਇਸ ਸਮੇਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਵਿਚ ਹੈ। ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਜੇਕਰ ਚੰਡੀਗੜ੍ਹ ਮੀਟਿੰਗ ਵਿਚ ਫ਼ੈਸਲਾ ਕਰਮਚਾਰੀਆਂ ਦੇ ਹੱਕ ਵਿੱਚ ਹੁੰਦਾ ਹੈ, ਤਾਂ ਪੂਰੇ ਸ਼ਹਿਰ ਦੀ ਰਾਤੋ-ਰਾਤ ਸਫ਼ਾਈ ਕੀਤੀ ਜਾਵੇਗੀ। ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਹੜਤਾਲ ਜਾਰੀ ਰਹੇਗੀ, ਨਿਗਮ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ ਅਤੇ ਅੰਦੋਲਨ ਤੇਜ਼ ਕੀਤਾ ਜਾਵੇਗਾ।

ਪਿਛਲੀ ਖ਼ਬਰ ਭਾਰਤ-ਸ੍ਰੀਲੰਕਾ ਦੂਜਾ ਟੈਸਟ : ਬਾਰਿਸ਼ ਕਾਰਨ ਰੁਕੀ ਖੇਡ ਅਗਲੀ ਖ਼ਬਰ ਮੇਲਾ ਰੱਖੜ ਪੁੰਨਿਆਂ ਨੂੰ ਲੈ ਕੇ ਪੁਲਿਸ ਦੀ ਹਾਈ ਲੈਵਲ ਮੀਟਿੰਗ