17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਦੁਇ ਭਰਮਿ ਭੁਲਾਣੀਆ

ਭਾਦੁਇ ਭਰਮਿ ਭੁਲਾਣੀਆ

ਅਜੀਤ ਡੈਸਕ 17-08-2026

ਭਾਦੋਂ ਛੇਵਾਂ ਦੇਸੀ ਮਹੀਨਾ ਹੈ, ਜੋ ਅੰਗਰੇਜ਼ੀ ਮਹੀਨਿਆਂ ਅਨੁਸਾਰ ਅੱਧ ਅਗਸਤ ਤੋਂ ਅੱਧ ਸਤੰਬਰ ਤੱਕ ਹੁੰਦਾ ਹੈ | ਭਾਦੋਂ ਨੂੰ  ਬੇਹੱਦ ਹੁੰਮਸ ਭਰੇ ਗਰਮ ਮਹੀਨੇ ਵਜੋਂ ਜਾਣਿਆ ਜਾਂਦਾ ਹੈ | ਇਸ ਮਹੀਨੇ ਵਿਚ ਆਸਮਾਨ 'ਚ ਆਈ ਬੱਦਲੀ ਇਕਦਮ ਮੀਂਹ ਪਾ ਜਾਂਦੀ ਹੈ ਤੇ ਮਗਰੋਂ ਸਾਰੇ ਪਾਸੇ ਹੁੰਮਸ, ਗਰਮੀ ਵਧ ਜਾਂਦੀ ਹੈ | ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਰਾਹੀਂ ਬਾਰਾਮਾਹਾਂ ਬਾਣੀ ਵਿਚ ਭਾਦੋਂ ਦੇ ਮਹੀਨੇ ਬਾਰੇ ਸ਼ਬਦ ਉਚਾਰਨ ਕਰਦੇ ਹਨ:-
ਭਾਦੁਇ ਭਰਮਿ ਭੁਲਾਣੀਆ
ਦੂਜੈ ਲਗਾ ਹੇਤੁ¨
ਲਖ ਸੀਗਾਰ ਬਣਾਇਆ
ਕਾਰਜਿ ਨਾਹੀ ਕੇਤੁ¨
(ਅੰਗ:133)
ਨਾਨਕ ਪ੍ਰਭ ਸਰਣਾਗਤੀ
ਚਰਣ ਬੋਹਿਥ ਪ੍ਰਭ ਦੇਤੁ¨
ਸੇ ਭਾਦੁਇ ਨਰਕਿ ਨ ਪਾਈਅਹਿ
ਗੁਰੁ ਰਖਣ ਵਾਲਾ ਹੇਤੁ¨  (ਅੰਗ:133)
ਗੁਰੂ ਜੀ ਮਨੁੱਖਤਾ ਨੂੰ  ਸੋਝੀ ਕਰਵਾਉਂਦਿਆਂ ਕਹਿੰਦੇ ਹਨ ਕਿ ਭਾਦੋਂ ਵਿਚ ਜੋ ਜੀਵ ਇਸਤਰੀ ਸਰਬ ਵਿਆਪਕ ਮਾਲਕ 'ਤੋਂ ਬਿਨਾਂ ਕਿਸੇ ਹੋਰ ਨਾਲ ਪ੍ਰੀਤ ਪਾ ਲੈਂਦੀ ਹੈ, ਉਹ ਝੂਠੇ ਭਰਮ 'ਚ ਪੈ ਕੇ ਕੁਰਾਹੇ ਪੈ ਜਾਂਦੀ ਹੈ, ਪ੍ਰਭੂ ਤੋੋਂ ਵਿਛੜ ਜਾਂਦੀ ਹੈ | ਹੇ ਨਾਨਕ, ਆਖ ਕਿ ਜਿਨ੍ਹਾਂ ਜੀਵ ਇਸਤਰੀਆਂ ਦਾ ਭਰਮ ਦਾ ਪੜ੍ਹਦਾ ਉਤਾਰਨ ਲਈ ਰਖਵਾਲਾ ਗੁਰੂ ਬਣ ਜਾਂਦਾ ਹੈ, ਉਹ ਭਾਦੋਂ 'ਚ ਵੀ ਭਰਮ ਵਿਚ ਨਹੀਂ ਪੈਂਦੀਆਂ, ਕਿਉਂਕਿ ਉਹ ਸਦਾ ਆਖਦੀਆਂ ਹਨ ਕਿ ਹੇ ਮਾਲਕ ਪ੍ਰਭੂ, ਅਸੀਂ ਭਰਮ ਦੀ ਬੇੜੀ ਕੱਟਣ ਲਈ ਤੇਰੀ ਸ਼ਰਨ 'ਚ ਆਈਆਂ ਹਾਂ, ਕਿਰਪਾ ਕਰਕੇ ਆਪਣਾ ਸਹਾਰਾ ਰੂਪ ਚਰਨ ਗੁਣਾਂ ਦੀ ਦਾਤ ਬਖ਼ਸ਼ |

ਭਾਦੋਂ ਦੇ ਮਹੀਨੇ ਇਕ ਦਿਨ 'ਚ ਹੀ ਮੌਸਮ ਕਈ ਵਾਰ ਬਦਲਦਾ ਹੈ | ਕਦੇ ਮੀਂਹ, ਕਦੇ ਤੇਜ਼ ਧੁੱਪ, ਕਦੇ ਹੁੰਮਸ ਅਤੇ ਕਦੇ ਕਿਸੇ ਪਾਸਿਓਾ ਹਵਾ ਦਾ ਠੰਢਾ ਬੁੱਲਾ ਆਉਂਦਾ ਹੈ | ਇਸ ਤਰ੍ਹਾਂ ਮੌਸਮ ਚਾਰ-ਚਾਰ ਵਾਰ ਬਦਲਦਾ ਹੈ ਤਾਂ ਅਜਿਹੇ ਦਿਨਾਂ ਨੂੰ  ਚੌਮਾਸੇ ਲੱਗਣਾ ਕਿਹਾ ਜਾਂਦਾ ਹੈ | ਭਾਦੋਂ ਦੇ ਅਖੀਰਲੇ ਦਿਨਾਂ 'ਚ ਰਾਤਾਂ ਮਿੰਨੀਆਂ-ਮਿੰਨੀਆਂ ਠੰਢੀਆਂ ਜਾਪਦੀਆਂ ਹਨ | ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ 'ਚ ਬਾਰਮਾਹਾ ਵਿਚ ਭਾਦੋਂ ਦੇ ਮਹੀਨੇ ਦਾ ਦਿ੍ਸ਼ ਚਿਤਰਦਿਆਂ ਫ਼ਰਮਾਉਂਦੇ ਹਨ:- 
ਭਾਦਉ ਭਰਮਿ ਭੁਲੀ
ਭਰਿ ਜੋਬਨਿ ਪਛੁਤਾਣੀ¨
ਜਲ ਥਲ ਨੀਰਿ ਭਰੇ
ਬਰਸ ਰੁਤੇ ਰੰਗੁ ਮਾਣੀ¨
ਬਰਸੈ ਨਿਸਿ ਕਾਲੀ ਕਿਉ
ਸੁਖੁ ਬਾਲੀ ਦਾਦਰ ਮੋਰ ਲਵੰਤੇ¨
ਪਿ੍ਉ ਪਿ੍ਉ ਚਵੈ ਬਬੀਹਾ ਬੋਲੇ
ਭੁਇਅੰਗਮ ਫਿਰਹਿ ਡਸੰਤੇ¨
ਮਛਰ ਡੰਗ ਸਾਇਰ ਭਰ ਸੁਭਰ
ਬਿਨੁ ਹਰਿ ਕਿਉ ਸੁਖੁ ਪਾਈਐ¨
ਨਾਨਕ ਪੂਛਿ ਚਲਉ ਗੁਰ ਅਪੁਨੇ
ਜਹ ਪ੍ਰਭੁ ਤਹ ਹੀ ਜਾਈਐ¨
ਗੁਰੂ ਨਾਨਕ ਦੇਵ ਜੀ ਭਾਦੋਂ 'ਚ ਭਰਮਾਂ ਤੋਂ ਮੁਕਤ ਹੋਵਣ ਲਈ ਉਪਦੇਸ਼ ਦਿੰਦਿਆਂ ਆਖਦੇ ਹਨ ਕਿ ਪੂਰਨ ਜਵਾਨੀ ਦੀ ਅਵਸਥਾ ਵਿਚ ਜੋ ਜੀਵ-ਇਸਤਰੀ ਦੁਨਿਆਵੀ ਭਰਮ-ਭੁਲੇਖੇ 'ਚ ਗ੍ਰਸਤ ਹੋ ਕੇ ਜਵਾਨੀ ਅਜਾਈਾ ਗੁਆ ਲੈਂਦੇ ਹਨ, ਉਹ ਅੰਤ ਨੂੰ  ਪਛਤਾਉਂਦੇ ਹਨ | ਨਦੀਆਂ, ਨਾਲੇ, ਸਰੋਵਰ, ਟੋਭੇ ਆਦਿ ਪਾਣੀ ਨਾਲ ਭਰੇ ਪਏ ਹਨ, ਇਹ ਵਰਖਾ ਦੀ ਰੁੱਤ ਨੂੰ  ਪ੍ਰਭੂ ਨਾਲ ਪ੍ਰੀਤ ਪਾ ਕੇ ਉਸ ਦਾ ਪਿਆਰ, ਰੰਗ ਮਾਣਨ ਲਈ ਜੋਗ ਹੈ ਪ੍ਰੰਤੂ ਰਾਤ ਕਾਲੀ ਹੈ, ਜੋ ਇਕੱਲੇ ਜੀਵ-ਇਸਤਰੀ ਨੂੰ  ਡਰਾਉਣੀ ਲਗਦੀ ਹੈ | ਡੱਡੂ ਤੇ ਮੋਰ ਮੌਜ-ਮਸਤੀ ਵਿਚ ਆਪੋ-ਆਪਣੀ ਬੋਲੀ ਬੋਲਦੇ ਹਨ, ਪਰ (ਪਤੀ ਤੋਂ ਵਿਛੜੀ) ਇਸਤਰੀ ਨੂੰ  ਸੁੱਖ ਕਿਵੇਂ ਹੋ ਸਕਦਾ ਹੈ? ਪਪੀਹਾ ਬੋਲ ਕੇ ਪਿ੍ਉ-ਪਿ੍ਉ ਦੀ ਟੋਰ-ਪੁਕਾਰ ਕਰਦਾ ਹੈ ਪਰ ਇਹ ਵਿਯੋਗਣ ਜੀਵ-ਇਸਤਰੀ ਦੀ ਬਿਰਹਾ ਨੂੰ  ਹੋਰ ਪ੍ਰਚੰਡ ਕਰਦਾ ਹੈ | ਦੂਜੇ ਪਾਸੇ ਰੱਬੀ ਰਜ਼ਾ ਵਿਚ ਸੱਪ ਸ਼ੂਕਦੇ ਹਨ ਅਤੇ ਡੰਗ ਮਾਰਦੇ ਫਿਰਦੇ ਹਨ ਅਤੇ ਜੀਵ-ਇਸਤਰੀ ਦੇ ਮਨ ਵਿਚ ਭੈਅ ਦੀ ਸਥਿਤੀ ਪੈਦਾ ਕਰਦੇ ਹਨ | ਨਦੀਆਂ-ਨਾਲੇ, ਸਰੋਵਰ ਅਤੇ ਟੋਭੇ ਸਾਰੇ ਨੱਕੋ-ਨੱਕ ਭਰੇ ਹੋਏ ਹਨ, ਜਿਨ੍ਹਾਂ ਨੂੰ  ਛੂਹ ਕੇ ਆਈ ਪੌਣ ਵਾਤਾਵਰਨ ਨੂੰ  ਸੁਹਾਵਣਾ ਬਣਾਉਂਦੀ ਹੈ, ਪ੍ਰੰਤੂ ਇਹ ਸੁਹਾਵਣਾ ਦਿ੍ਸ਼ ਵਿਯੋਗਣ ਦੀ ਬਿਰਹਾ-ਪੀੜਾ ਨੂੰ  ਵਧੇਰੇ ਪ੍ਰਚੰਡ ਕਰਦਾ ਹੈ | ਦੂਜੇ ਪਾਸੇ ਮੱਛਰ ਡੰਗ ਮਾਰ-ਮਾਰ ਕੇ ਦੁਖੀ ਜੀਵ-ਇਸਤਰੀ ਨੂੰ  ਹੋਰ ਦੁਖੀ ਕਰਦੇ ਹਨ | ਅਜਿਹੀ ਦੁਖਦਾਈ ਦਸ਼ਾ ਵਿਚ ਪ੍ਰਭੂ-ਪਤੀ ਤੋਂ ਬਗ਼ੈਰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ? ਪਦੇ ਦੇ ਅੰਤ ਵਿਚ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਜੇ ਜੀਵ-ਇਸਤਰੀ ਜੀਵਨ ਵਿਚ ਆਪਣੇ ਗੁਰੂ ਨੂੰ  ਪੁੱਛ ਕੇ, ਭਾਵ ਗੁਰੂ ਦੀ ਅਗਵਾਈ 'ਚ ਚੱਲੇ ਤਾਂ ਸੁਖੈਨ ਹੀ ਜਿੱਥੇ ਪ੍ਰਭੂ-ਪਤੀ ਵਸਦਾ ਹੈ, ਉੱਥੇ ਚਲੇ ਜਾਈਦਾ ਹੈ, ਭਾਵ ਪ੍ਰਭੂ-ਪਤੀ ਨਾਲ ਮਿਲਾਪ ਦਾ ਇਹ ਸੁਖੈਨ ਅਤੇ ਸਹੀ ਢੰਗ ਹੈ |
ਭਾਦੋਂ ਦੇ ਮਹੀਨੇ ਪੁਰਾਤਨ ਸਮਿਆਂ ਵਿਚ ਖੇਤਾਂ ਵਿਚ ਫ਼ਸਲਾਂ ਦੀ ਗੋਡੀ ਦਾ ਜ਼ੋਰ ਵੀ ਹੁੰਦਾ ਸੀ ਤੇ ਕਿਸਾਨ-ਮਜ਼ਦੂਰ ਮੁੜ੍ਹਕੋ-ਮੁੜ੍ਹਕੀ ਹੋਏ ਰਹਿੰਦੇ ਸਨ | ਇਸ ਮਹੀਨੇ ਸੇਵੀਆਂ ਵੱਟਣ ਦੀ ਵੀ ਰੀਤ ਪ੍ਰਚੱਲਤ ਸੀ, ਜੋ ਸਮੇਂ ਦੇ ਨਾਲ ਹੁਣ ਅਲੋਪ ਹੀ ਹੁੰਦੀ ਜਾ ਰਹੀ ਹੈ | ਭਾਦੋਂ ਮਹੀਨੇ ਦੀ ਧੁੱਪ ਬੇਹੱਦ ਤੇਜ਼ ਹੁੰਦੀ ਹੈ ਤੇ ਤੇਜ਼ ਧੁੱਪ ਕਾਰਨ ਗਰਮੀ ਬਹੁਤ ਹੋ ਜਾਂਦੀ ਹੈ | ਇਹੋ ਕਾਰਨ ਹੈ ਕਿ ਭਾਦੋਂ ਮਹੀਨੇ ਨੂੰ  ਬਰਸਾਤੀ ਮਹੀਨੇ ਦੇ ਨਾਲ-ਨਾਲ ਭਰ ਗਰਮੀ ਦਾ ਹੁੰਮਸ ਭਰਿਆ ਮਹੀਨਾ ਵੀ ਮੰਨਿਆ ਜਾਂਦਾ ਹੈ | ਇੱਥੇ ਇਕ ਗੱਲ ਹੋਰ ਵੇਖਣ ਵਾਲੀ ਹੈ ਕਿ ਪੁਰਾਤਨ ਸਮਿਆਂ 'ਚ ਲੋਕ ਦੇਸੀ ਮਹੀਨਿਆਂ ਦੇ ਅਨੁਸਾਰ ਆਪਣੇ ਕਾਰ-ਵਿਹਾਰ ਕਰਦੇ ਸਨ | ਇੱਥੋਂ ਤੱਕ ਕਿ ਜਿਸ ਮਹੀਨੇ ਬੱਚੇ ਦਾ ਜਨਮ ਹੁੰਦਾ, ਉਸ ਮਹੀਨੇ 'ਤੇ ਉਸ ਬੱਚੇ ਦਾ ਨਾਂਅ ਰੱਖ ਦਿੱਤਾ ਜਾਂਦਾ ਸੀ |

-ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ |
ਮੋਬਾਈਲ : 98550-10005

ਪਿਛਲੀ ਖ਼ਬਰ ਸਿੱਖਾਂ ਦੇ ਇਤਿਹਾਸਕ ਜ਼ਖ਼ਮ ਭਰਨ ਲਈ ਨਿਆਂ ਤੇ ਅਪਣੱਤ ਦੀ ਲੋੜ ਅਗਲੀ ਖ਼ਬਰ ਆਓ ਵਿਰਾਸਤ ਸੰਭਾਲੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।