ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਤੇ ਕਾਰਜਕਾਰੀ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਦਾ ਜੀਵਨ ਗੁਰਬਾਣੀ, ਗੁਰਮਤਿ ਵਿੱਦਿਆ, ਕਥਾ-ਵਿਚਾਰ ਤੇ ਗੁਰਸਿੱਖੀ ਦੇ ਪ੍ਰਚਾਰ-ਪਸਾਰ ਨੂੰ ਸਮਰਪਿਤ ਹੈ | ਧਾਰਮਿਕ ਵਿੱਦਿਆ ਦੀ ਡੂੰਘੀ ਸਮਝ, ਗੁਰਬਾਣੀ ਸੰਥਿਆ ਤੇ ਕਥਾ-ਵਾਚਨ ਦੀ ਪਰੰਪਰਾ ਨਾਲ ਜੁੜੀ ਉਨ੍ਹਾਂ ਦੀ ਲੰਮੀ ਸੇਵਾ-ਯਾਤਰਾ ਨੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਮਹੱਤਵਪੂਰਨ ਧਾਰਮਿਕ ਸੇਵਾਵਾਂ ਤੱਕ ਪਹੁੰਚਾਇਆ ਹੈ | ਉਨ੍ਹਾਂ ਦਾ ਜਨਮ 7 ਅਗਸਤ 1982 ਨੂੰ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ (ਸਾਬਕਾ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਤੇ ਸਾਬਕਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਤੇ ਮਾਤਾ ਗੁਰਮੇਲ ਕÏਰ ਦੇ ਘਰ ਹੋਇਆ | ਉਨ੍ਹਾਂ ਦਾ ਜੱਦੀ ਪਿੰਡ ਤਾਜੋਕੇ, ਜ਼ਿਲ੍ਹਾ ਬਰਨਾਲਾ ਹੈ ਤੇ ਉਨ੍ਹਾਂ ਦਾ ਬਚਪਨ ਬਰਨਾਲਾ ਸ਼ਹਿਰ 'ਚ ਬੀਤਿਆ | ਪਰਿਵਾਰ ਦੇ ਧਾਰਮਿਕ ਮਾਹੌਲ ਵਾਲੇ ਵਾਤਾਵਰਨ ਨੇ ਬਚਪਨ ਤੋਂ ਹੀ ਉਨ੍ਹਾਂ ਦੇ ਜੀਵਨ ਨੂੰ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜਿਆ | ਉਨ੍ਹਾਂ ਨੇ ਐਮ.ਏ. (ਧਾਰਮਿਕ ਅਧਿਐਨ) ਪਟਿਆਲਾ ਯੂਨੀਵਰਸਿਟੀ ਤੋਂ ਕੀਤੀ | ਗੁਰਮਤਿ ਦੀ ਮੁੱਢਲੀ ਵਿੱਦਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਤੇ ਗੁਰਬਾਣੀ ਦੀ ਸੰਥਿਆ ਦੋ ਵਾਰ ਕਰਨ ਦੇ ਨਾਲ-ਨਾਲ ਕਥਾ ਦੇ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਗਿਆਨੀ ਕਰਮ ਸਿੰਘ ਧੂਰਕੋਟ, ਗਿਆਨੀ ਭਗਵਾਨ ਸਿੰਘ ਭਿੰਡਰਾਂਵਾਲੇ ਤੇ ਹੋਰ ਵਿਦਵਾਨਾਂ ਤੋਂ ਵੀ ਗੁਰਮਤਿ ਵਿੱਦਿਆ ਹਾਸਿਲ ਕੀਤੀ | ਕੁਝ ਸਮਾਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮਿ੍ਤਸਰ ਵਿਖੇ ਵੀ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ |
ਉਨ੍ਹਾਂ ਨੇ ਆਪਣੀ ਧਾਰਮਿਕ ਸੇਵਾ ਦਾ ਵਿਧੀਵਤ ਆਰੰਭ 2 ਫਰਵਰੀ 2007 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਬਤੌਰ ਕਥਾਵਾਚਕ ਕੀਤਾ | ਇੱਥੇ ਉਨ੍ਹਾਂ ਨੇ ਗੁਰਬਾਣੀ ਕਥਾ ਦੇ ਨਾਲ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਿਆ ਕਰਾਉਣ ਦੀ ਸੇਵਾ ਵੀ ਨਿਭਾਈ | ਇਸ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤਿ ਇੰਸਟੀਚਿਊਟ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੈ, ਵਿਖੇ ਵੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਪੜ੍ਹਾਉਣ ਦੀ ਸੇਵਾ ਕੀਤੀ | ਇੱਥੇ ਉਨ੍ਹਾਂ ਨੂੰ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ | ਉਪਰੰਤ ਕੁਝ ਸਮਾਂ ਉਨ੍ਹਾਂ ਨੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾਵਾਚਕ ਵਜੋਂ ਸੇਵਾ ਨਿਭਾਈ | ਧਾਰਮਿਕ ਸੇਵਾ ਦੇ ਅਗਲੇ ਪੜਾਅ ਵਜੋਂ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ (ਪਟਿਆਲਾ) ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾਈ |
ਉਨ੍ਹਾਂ ਨੂੰ 20 ਅਪ੍ਰੈਲ 2014 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸੇਵਾ ਸੌਂਪੀ ਗਈ | ਇਹ ਉਨ੍ਹਾਂ ਦੀ ਧਾਰਮਿਕ ਸੇਵਾ-ਯਾਤਰਾ ਦਾ ਇਕ ਮਹੱਤਵਪੂਰਨ ਪੜਾਅ ਰਿਹਾ ਹੈ | ਇੱਥੇ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਗੁਰਬਾਣੀ ਪ੍ਰਚਾਰ ਤੇ ਗੁਰਮਤਿ ਵਿਚਾਰਧਾਰਾ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕਾਰਜ ਨਿਰੰਤਰ ਜਾਰੀ ਰੱਖਿਆ | ਆਪਣੇ ਪਿਤਾ ਵਲੋਂ ਲਿਖੀਆਂ 17 ਪੁਸਤਕਾਂ ਦੀ ਸੰਪਾਦਨਾ 'ਚ ਵੀ ਉਨ੍ਹਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ | ਗੁਰਮਤਿ ਦੇ ਪ੍ਰਚਾਰ-ਪਸਾਰ ਦੀ ਲੋੜ ਨੂੰ ਮਹੱਤਵ ਦਿੰਦਿਆਂ ਉਹ ਸੰਗਤਾਂ ਦੇ ਸੱਦੇ 'ਤੇ ਕੈਨੇਡਾ, ਅਮਰੀਕਾ, ਇੰਗਲੈਂਡ, ਕੀਨੀਆ ਸਮੇਤ ਵੱਖ-ਵੱਖ ਦੇਸ਼ਾਂ 'ਚ ਵਿਚਰੇ ਤੇ ਗੁਰਸਿੱਖੀ ਦੇ ਪ੍ਰਚਾਰ ਲਈ ਸੇਵਾ ਨਿਭਾਉਂਦੇ ਰਹੇ | ਉਨ੍ਹਾਂ ਵਲੋਂ ਗੁਰਮਤਿ ਨਾਲ ਸਬੰਧਿਤ ਲਿਖੇ ਲੇਖ ਸਮੇਂ-ਸਮੇਂ 'ਤੇ ਸ਼੍ਰੋਮਣੀ ਕਮੇਟੀ ਦੇ ਰਸਾਲੇ 'ਗੁਰਮਤਿ ਪ੍ਰਕਾਸ਼' 'ਚ ਵੀ ਪ੍ਰਕਾਸ਼ਿਤ ਹੋਏ ਹਨ | ਗੁਰਮਤਿ ਤੇ ਗੁਰਬਾਣੀ ਦੀ ਸੇਵਾ 'ਚ ਨਿਰੰਤਰ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ 2023 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਵਜੋਂ ਪਦਉੱਨਤ ਕੀਤਾ ਗਿਆ | ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਨੂੰ ਵਿਦਿਆਰਥੀ ਦਮਦਮੀ ਟਕਸਾਲ, ਪਿੰਡ ਭੰਡਾਲ ਦੋਨਾ (ਜ਼ਿਲ੍ਹਾ ਕਪੂਰਥਲਾ) ਵਲੋਂ 'ਬਾਬਾ ਬੁੱਢਾ ਜੀ ਪੁਰਸਕਾਰ' ਅਤੇ ਸੰਤ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ 96 ਕਰੋੜੀ ਵਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਜੱਸਾ ਸਿੰਘ ਆਹਲੂਵਾਲੀਆ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਅਕਤੂਬਰ 2025 ਤੋਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਹਨ |
ਗੁਰਬਾਣੀ ਨਾਲ ਜੁੜੀ ਵਿੱਦਿਆ, ਕਥਾ-ਵਿਚਾਰ ਦੀ ਪਰੰਪਰਾ, ਵਿਦਿਆਰਥੀਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ, ਗੁਰਸਿੱਖੀ ਦੇ ਪ੍ਰਚਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਸੇਵਾ ਤੱਕ ਪਹੁੰਚੀ ਉਨ੍ਹਾਂ ਦੀ ਯਾਤਰਾ ਨਿਰੰਤਰ ਸੇਵਾ ਤੇ ਸਾਧਨਾ ਦੀ ਕਹਾਣੀ ਹੈ | ਪਿਤਾ ਤੋਂ ਪ੍ਰਾਪਤ ਗੁਰਮਤਿ ਵਿਰਾਸਤ ਨੂੰ ਅੱਗੇ ਤੋਰਨ ਦੇ ਨਾਲ-ਨਾਲ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਥਾ, ਸੰਥਿਆ, ਲੇਖਨ ਤੇ ਪ੍ਰਚਾਰ ਰਾਹੀਂ ਗੁਰਬਾਣੀ ਨਾਲ ਸੰਗਤ ਨੂੰ ਜੋੜਨ ਦੇ ਕਾਰਜ ਨੂੰ ਆਪਣੀ ਸੇਵਾ ਦਾ ਕੇਂਦਰ ਬਣਾਇਆ ਹੋਇਆ ਹੈ |
ਪ੍ਰਤੀਨਿਧ, ਅੰਮਿ੍ਤਸਰ |
ਮੋਬਾਈਲ : 99885-49598