12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਰਿਚੁਅਲ ਰੀਟਰੀਟ-2026 ਕੀਨੀਆ ਵਿਚ 6 ਮੁੱਖ ਸਿੱਖ ਸੰਗਠਨਾਂ ਦੀ ਅਹਿਮ ਕਾਰਗੁਜ਼ਾਰੀ

ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਰਿਚੁਅਲ ਰੀਟਰੀਟ-2026 ਕੀਨੀਆ ਵਿਚ 6 ਮੁੱਖ ਸਿੱਖ ਸੰਗਠਨਾਂ ਦੀ ਅਹਿਮ ਕਾਰਗੁਜ਼ਾਰੀ

ਅਜੀਤ ਡੈਸਕ 12-10-2026

ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਰਿਚੁਅਲ ਰੀਟਰੀਟ 2026 ਕੀਨੀਆ ਵਿਚ 17 ਤੋਂ 27 ਅਗਸਤ ਤੱਕ ਆਯੋਜਿਤ ਕੀਤੀ ਗਈ, ਜਿਸ ਵਿਚ 60 ਲੜਕੀਆਂ, 20 ਅਧਿਆਪਕ ਤੇ ਲਗਭਗ 50 ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ (ਜੀ.ਐਨ.ਐਨ.ਐਸ.ਜੇ.) ਦੇ ਸੇਵਾਦਾਰ ਸ਼ਾਮਿਲ ਸਨ | ਇਸ ਦੌਰਾਨ 4 ਦੇਸ਼ਾਂ ਦੇ 6 ਪ੍ਰਮੁੱਖ ਪੰਥਕ ਤੇ ਵਿੱਦਿਅਕ ਸੰਗਠਨ- ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਨਕਾਣਾ ਸਾਹਿਬ ਸਕੂਲਜ਼, ਚੀਫ਼ ਖ਼ਾਲਸਾ ਦੀਵਾਨ, ਅਕਾਲ ਅਕੈਡਮੀ ਬੜੂ ਸਾਹਿਬ ਅਤੇ ਕੀਨੀਆ ਦੀ ਸਿੱਖ ਕੌਂਸਲ 'ਚੋਂ ਹਰੇਕ 'ਚੋਂ 10-10 ਲੜਕੀਆਂ ਤੇ 2-2 ਅਧਿਆਪਕਾਂ ਦੀ ਚੋਣ ਕੀਤੀ ਗਈ ਸੀ | ਭਾਈਵਾਲ ਵਿੱਦਿਅਕ ਤੇ ਪੰਥਕ ਸੰਗਠਨਾਂ ਵਲੋਂ ਆਪਣੀਆਂ ਲੜਕੀਆਂ ਨੂੰ  ਜੀ.ਐਨ.ਐਨ.ਐਸ.ਜੇ. ਦੀ ਦੇਖਭਾਲ 'ਚ ਸੌਂਪਣ ਦੀ ਇੱਛਾ, ਡੂੰਘੇ ਵਿਸ਼ਵਾਸ, ਸਤਿਕਾਰ  ਦਾ ਪ੍ਰਤੀਬਿੰਬ ਸੀ, ਜੋ ਜਥੇ ਨੇ ਪਿਛਲੇ 40 ਸਾਲਾਂ ਦੌਰਾਨ ਭਾਰਤ ਵਿਚ ਆਪਣੀ ਵਿਰਾਸਤੀ ਸੰਭਾਲ ਕਾਰ-ਸੇਵਾ ਰਾਹੀਂ ਬਣਾਏ ਹਨ |

ਇਸ ਦੂਰਦਰਸ਼ੀ ਰੀਟਰੀਟ ਦੀ ਕਲਪਨਾ ਜੀ.ਐਨ.ਐਨ.ਐਸ.ਜੇ. ਦੇ ਚੇਅਰਮੈਨ ਤੇ ਅਧਿਆਤਮਕ ਆਗੂ ਭਾਈ ਸਾਹਿਬ (ਪ੍ਰੋ.) ਮਹਿੰਦਰ ਸਿੰਘ ਆਹਲੂਵਾਲੀਆ ਦੀ ਰਹਿਨੁਮਾਈ 'ਚ ਹੋਈ, ਜਿਨ੍ਹਾਂ 85,000 ਪੌਂਡ (ਇਕ ਕਰੋੜ ਰੁਪਏ ਤੋਂ ਵੱਧ) ਨਾਲ ਇਸ ਪਹਿਲਕਦਮੀ ਨੂੰ  ਸਪਾਂਸਰ ਕੀਤਾ ਸੀ | ਇਸ 8 ਦਿਨਾ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਸਿੱਖ ਅਧਿਆਤਮਕ, ਵਿੱਦਿਅਕ ਤੇ ਸੰਸਥਾਗਤ ਆਗੂਆਂ  ਦੁਆਰਾ ਕੀਤੀ ਗਈ, ਜਿਸ ਵਿਚ ਜੀ.ਐਨ.ਐਨ.ਐਸ.ਜੇ. ਦੇ ਭਾਈ ਸਾਹਿਬ ਮਹਿੰਦਰ ਸਿੰਘ ਤੇ ਮਾਤਾ ਬਲਦੇਵ ਕੌਰ, ਅਕਾਲ ਅਕੈਡਮੀ ਬੜੂ ਸਾਹਿਬ ਦੇ ਬਾਬਾ ਡਾ. ਦਵਿੰਦਰ ਸਿੰਘ ਤੇ ਮਾਤਾ ਨੀਲਮ ਕੌਰ, ਐਸ.ਜੀ.ਪੀ.ਸੀ. ਦੀ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ, ਨਨਕਾਣਾ ਸਾਹਿਬ ਦੇ ਗ੍ਰੰਥੀ ਸਾਹਿਬ ਗਿਆਨੀ ਦਇਆ ਸਿੰਘ ਤੇ ਬੀਬੀ ਮਲਕੀਤ ਕੌਰ ਸ਼ਾਮਿਲ ਸਨ | 10 ਮਹੀਨਿਆਂ ਤੋਂ ਵੱਧ ਸਮੇਂ ਦੀ ਯੋਜਨਾਬੰਦੀ, ਖੋਜ ਤੇ ਅੰਤਰਰਾਸ਼ਟਰੀ ਤਾਲਮੇਲ ਨੇ ਇਸ ਪਹਿਲ ਨੂੰ  ਸਾਕਾਰ ਕਰਨ 'ਚ ਅਹਿਮ ਭੂਮਿਕ ਨਿਭਾਈ, ਜਿਸ ਦਾ ਵਿਸ਼ਵਾਸ ਸੀ ਕਿ ਸਿੱਖਿਆ ਕਦਰਾਂ-ਕੀਮਤਾਂ ਆਧਾਰਿਤ, ਧਰਮ ਆਧਾਰਿਤ ਤੇ ਵਿਅਕਤੀ ਦੇ ਸਮੁੱਚੇ ਵਿਕਾਸ 'ਤੇ ਕੇਂਦਿ੍ਤ ਹੋਣੀ ਚਾਹੀਦੀ ਹੈ |
ਸਿੱਖੀ ਅੰਦਰ ਧਰਮ ਨੈਤਿਕ ਤੇ ਅਧਿਆਤਮਕ ਆਧਾਰ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਧਰਮ ਨਿਰਪੱਖ ਸਿੱਖਿਆ ਨੂੰ  ਸਮਝਿਆ ਤੇ ਲਾਗੂ ਕੀਤਾ ਜਾ ਸਕਦਾ ਹੈ | ਪਰਮਾਤਮਾ ਨਾਲ ਜੁੜਨਾ ਬਦਲ ਨਹੀਂ ਹੈ, ਇਹ ਸੱਚੇ ਸਸ਼ਕਤੀਕਰਨ ਲਈ ਇਕ ਪੂਰਵ ਸ਼ਰਤ ਹੈ | ਜਦੋਂ ਗਿਆਨ ਦੀਆਂ ਜੜ੍ਹਾਂ 'ਚ ਧਰਮ ਹੋਵੇ ਤਾਂ ਇਹ ਪਿਆਰ, ਦਇਆ, ਆਪਸੀ ਸਾਂਝ ਤੇ ਪਰਮਾਤਮਾ ਦੀ ਸਿ੍ਸ਼ਟੀ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ, ਜਿਸ ਨਾਲ ਵਿਅਕਤੀ ਆਪਣੇ ਹਿੱਤ ਤੋਂ ਉੱਪਰ ਉੱਠ ਕੇ ਪਰਉਪਕਾਰ, ਦੂਜਿਆਂ ਨੂੰ  ਦੀ ਭਲਾਈ ਕਰਨ ਵੱਲ ਵਧਦਾ  ਹੈ | ਇਹ ਭਾਵਨਾ ਉਨ੍ਹਾਂ ਨੌਜਵਾਨ ਔਰਤਾਂ ਨੂੰ  ਅੱਗੇ ਵਧਾਉਣ ਲਈ ਮਹੱਤਵਪੂਰਨ ਹੈ, ਜੋ ਬਹੁਤ ਜ਼ਰੂਰੀ ਸ਼ਾਂਤੀਪੂਰਨ ਤੇ ਹਮਦਰਦੀ ਭਰੇ ਸੰਸਾਰ ਵਿਚ ਯੋਗਦਾਨ ਪਾ ਸਕਦੀਆਂ ਹਨ | ਸਥਾਈ ਸ਼ਾਂਤੀ ਮਨੁੱਖੀ ਮਨ ਨੂੰ  ਬਦਲਣ ਨਾਲ ਸ਼ੁਰੂ ਹੁੰਦੀ ਹੈ, ਜੋ ਅੱਜ ਸਾਡੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇਕ ਹੈ |
ਕੀਨੀਆ ਰਾਹੀਂ ਇਕ ਯਾਤਰਾ-ਭਾਗੀਦਾਰਾਂ ਨੇ ਨੈਰੋਬੀ, ਕੇਰੀਚੋ, ਕਿਸੁਮੂ ਤੇ ਮੋਮਬਾਸਾ ਰਾਹੀਂ ਯਾਤਰਾ ਕਰਦਿਆਂ 10 ਦਿਨਾਂ ਵਿਚ 6 ਉਡਾਣਾਂ ਲਈਆਂ ਤੇ ਮੋਮਬਾਸਾ ਤੋਂ ਨੈਰੋਬੀ ਤੱਕ 6 ਘੰਟੇ ਦੀ ਰੇਲ ਯਾਤਰਾ ਕੀਤੀ | ਮੁੱਖ ਰੀਟਰੀਟ ਜੀ.ਐਨ.ਐਨ.ਐਸ.ਜੇ. ਦੇ ਕੇਰੀਚੋ ਤਪ-ਅਸਥਾਨ ਵਿਖੇ ਹੋਈ, ਜੋ ਪੂਰਬੀ ਅਫਰੀਕਾ ਵਿਚ ਸਿੱਖ ਭਾਈਚਾਰੇ ਲਈ ਡੂੰਘਾ ਇਤਿਹਾਸਕ ਤੇ ਅਧਿਆਤਮਕ ਮਹੱਤਵ ਰੱਖਦਾ ਹੈ | ਇੱਥੇ ਸੰਤ ਬਾਬਾ ਪੂਰਨ ਸਿੰਘ ਨੇ ਕੇਰੀਚੋ ਵਿਚ ਪਰਿਵਾਰਕ ਜੀਵਨ ਦੇ 49 ਸਾਲਾਂ ਦੌਰਾਨ ਕਿਰਤ, ਸੇਵਾ, ਨਾਮ-ਸਿਮਰਨ, ਪਾਠ, ਕੀਰਤਨ ਤੇ ਅੰਮਿ੍ਤ ਸੰਚਾਰ ਦਾ ਸੰਚਾਲਨ ਕੀਤਾ | 5 ਸਥਾਨਕ ਸਕੂਲਾਂ (ਕੇਰੀਚੋ ਡੇਅ ਸੈਕੰਡਰੀ ਸਕੂਲ, ਮਾਟੋਬੋ ਸੈਕੰਡਰੀ ਸਕੂਲ, ਕਪਟੇਬੇਸਵੇਟ ਸੈਕੰਡਰੀ ਸਕੂਲ, ਕੇਰੀਚੋ ਟਾਊਨਸ਼ਿਪ ਸਕੂਲ ਅਤੇ ਹਾਈਲੈਂਡਜ਼ ਪ੍ਰਾਇਮਰੀ ਸਕੂਲ) ਵਿਖੇ ਲਗਭਗ 600 ਬੂਟੇ ਲਾਏ ਗਏ | ਇਨ੍ਹਾਂ ਬੱਚੀਆਂ ਲਈ ਇਹ ਇਕ ਰੀਟਰੀਟ ਤੋਂ ਕਿਤੇ ਵੱਧ ਸਿੱਖ ਗਿਆਨ, ਜੀਵੰਤ ਕਦਰਾਂ-ਕੀਮਤਾਂ ਤੇ ਗੁਣਾਂ ਦੇ ਅਭਿਆਸ ਵਿਚ ਆਪਣੀਆਂ ਜੜ੍ਹਾਂ ਨਾਲ ਜੁੜਨ ਵਾਲੀਆਂ ਔਰਤ ਸਸ਼ਕਤੀਕਰਨ ਦੀ ਯਾਤਰਾ ਸੀ, ਜਿਸ ਦੌਰਾਨ ਪਿਆਰ, ਨਿਮਰਤਾ, ਦਇਆ, ਸੰਤੋਖ ਤੇ ਹਿੰਮਤ ਦੇ 5 ਗੁਣਾਂ ਨੂੰ  ਰੋਲ ਮਾਡਲ ਵਜੋਂ ਉਭਾਰਦਿਆਂ ਟੀਮ ਵਰਕ, ਸੇਵਾ, ਸਾਂਝੇ ਅਨੁਭਵ, ਵਿਸ਼ਵਾਸ, ਸਾਂਝੀ ਜ਼ਿੰਮੇਵਾਰੀ, ਸਵੈ-ਸਹਾਇਤਾ ਤੇ ਸਵੈ-ਨਿਰਭਰਤਾ ਦੀ ਭਾਵਨਾ ਵਧੀ ਹੋਵੇਗੀ |
ਇਨ੍ਹਾਂ 8 ਦਿਨਾਂ ਦੌਰਾਨ, ਸਮੂਹਿਕ ਨਾਮ ਸਿਮਰਨ ਨੇ ਲੜਕੀਆਂ ਨੂੰ  ਨਾਮ ਦੀ ਸ਼ਕਤੀ 'ਤੇ ਵਿਚਾਰ ਕਰਨ ਦੇ ਯੋਗ ਬਣਾਇਆ ਹੇੈ, ਜਿਸ ਦੌਰਾਨ ਨਿਤਨੇਮ, ਆਸਾ ਦੀ ਵਾਰ ਦੇ ਪਾਠ, ਨਾਮ ਸਿਮਰਨ, ਕੀਰਤਨ ਅਤੇ ਸੇਵਾ ਸ਼ਾਮਿਲ ਸੀ | ਗੁਰਬਾਣੀ 'ਤੇ ਵਿਚਾਰ, ਕਵੀਸ਼ਰੀ ਦੀ ਪਰੰਪਰਾ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨੇ ਪ੍ਰਤੀਬਿੰਬ, ਟੀਮ ਵਰਕ ਅਤੇ ਦੋਸਤੀ ਨੂੰ  ਹੋਰ ਉਤਸ਼ਾਹਿਤ ਕੀਤਾ | ਨਿਸ਼ਕਾਮ ਸੇਵਾ ਨਿਮਰਤਾ, ਜ਼ਿੰਮੇਵਾਰੀ ਤੇ ਦੂਜਿਆਂ ਦੀ ਦੇਖਭਾਲ ਦੇ ਪ੍ਰਗਟਾਵੇ ਵਜੋਂ ਕੀਤੀ ਜਾਂਦੀ ਸੀ | ਕੀਰਤਨ ਇਸ ਰੀਟਰੀਟ ਦਾ ਇਕ ਹੋਰ ਅਨਿੱਖੜਵਾਂ ਅੰਗ ਸੀ ਤੇ ਰੀਟਰੀਟ ਦੌਰਾਨ ਲੜੀਆਂ ਨੇ 4 ਗੁਰਦੁਆਰਿਆਂ ਦੇ ਕੀਰਤਨ ਦੀਵਾਨਾਂ ਵਿਚ ਹਿੱਸਾ ਲਿਆ | ਇਸ ਰੀਟਰੀਟ ਯਾਤਰਾ ਦੌਰਾਨ ਐਸ.ਜੀ.ਪੀ.ਸੀ., ਚੀਫ਼ ਖ਼ਾਲਸਾ ਦੀਵਾਨ, ਬੜੂ ਸਾਹਿਬ ਤੇ ਨਨਕਾਣਾ ਸਾਹਿਬ ਸਮੂਹਾਂ ਨੇ ਲਗਭਗ 13,000 ਕਿਲੋਮੀਟਰ, ਜਦਕਿ ਯੂ.ਕੇ. ਟੀਮ ਨੇ ਲਗਭਗ 20,000 ਕਿਲੋਮੀਟਰ ਦੀ ਯਾਤਰਾ ਕੀਤੀ |
ਇਹ ਰੀਟਰੀਟ ਸਿੱਖ ਲੜਕੀਆਂ ਤੇ ਨੌਜਵਾਨਾਂ ਦੇ ਸਮੂਹਿਕ ਸਸ਼ਕਤੀਕਰਨ 'ਚ ਇਕ ਨਿਵੇਸ਼ ਸੀ, ਜੋ ਅਧਿਆਤਮਕ ਸਮਝ, ਵਿਸ਼ਵਾਸ, ਅਗਵਾਈ ਤੇ ਭਵਿੱਖ ਲਈ ਜ਼ਿੰਮੇਵਾਰੀ ਦੀ ਭਾਵਨਾ ਨੂੰ  ਉਤਸ਼ਾਹਿਤ ਕਰੇਗਾ | ਗਿਆਨ, ਗੁਣਾਂ ਤੇ ਆਪਣੀ ਆਵਾਜ਼ ਦੀ ਕਦਰ ਕਰਨ ਤੇ ਯੋਗਦਾਨ ਪਾਉਣ ਦੇ ਵਿਸ਼ਵਾਸ ਨਾਲ ਭਰੀਆਂ ਨੌਜਵਾਨ ਮਹਿਲਾਵਾਂ ਆਪਣੇ ਪਰਿਵਾਰਾਂ, ਭਾਈਚਾਰਿਆਂ ਤੇ ਵਿਸ਼ਾਲ ਸਮਾਜ ਅਤੇ ਵਿਸ਼ਵ ਪੱਧਰ 'ਤੇ ਸਕਾਰਾਤਮਕ ਤਬਦੀਲੀ ਦੀਆਂ ਸ਼ਕਤੀਸ਼ਾਲੀ ਏਜੰਟ ਬਣਨਗੀਆਂ | ਇਸ ਰੀਟਰੀਟ ਨੇ ਸਿੱਖ ਸੰਸਥਾਵਾਂ ਦੀ ਅਗਵਾਈ ਕਰਨ ਦੀ ਸਮਰੱਥਾ ਨੂੰ  ਦਰਸਾਇਆ ਕਿ ਉਹ ਗੁਰਮਤਿ ਅਤੇ ਧਰਮ ਪ੍ਰਤੀ ਸਾਂਝੀ ਵਚਨਬੱਧਤਾ ਰਾਹੀਂ ਭਵਿੱਖੀ ਪੀੜ੍ਹੀਆਂ ਨੂੰ  ਪਾਲਣ-ਪੋਸ਼ਣ ਲਈ ਸਮੂਹਿਕ ਤੌਰ 'ਤੇ ਕੰਮ ਕਰ ਸਕਦੇ ਹਨ |

-ਪੱਤਰਕਾਰ, ਬਰਮਿੰਘਮ (ਇੰਗਲੈਂਡ) |
ਮੋਬਾਈਲ : 0044-1212363891

ਪਿਛਲੀ ਖ਼ਬਰ ਜੰਗ ਤੇ ਅਮਨ ਵਿਚ ਫ਼ਰਕ ਸਮਝਣ ਭਾਰਤ-ਪਾਕਿਸਤਾਨ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ-ਇਕ ਪੰਥਕ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।