02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕੀਰਤਪੁਰ ਸਾਹਿਬ : ਧਾਰਮਿਕ ਤੇ ਇਤਿਹਾਸਕ ਮਹੱਤਵ

ਅਜੀਤ ਡੈਸਕ 27-07-2026

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਗੁ. ਤਖ਼ਤ ਕੋਟ ਸਾਹਿਬ-ਇਸ ਅਸਥਾਨ 'ਤੇ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਦੀ ਰਸਮ ਕੀਤੀ ਗਈ ਸੀ।
ਗੁ. ਸ੍ਰੀ ਹਰਿਮੰਦਰ ਸਾਹਿਬ ਪਾਤਸ਼ਾਹੀ ਛੇਵੀਂ-ਗੁਰੂ ਹਰਿਗੋਬਿੰਦ ਸਾਹਿਬ ਇੱਥੇ ਸਿਮਰਨ ਕਰਿਆ ਕਰਦੇ ਸਨ। ਇਸ ਅਸਥਾਨ 'ਤੇ ਇਕ ਬਾਗ਼ ਹੈ, ਜਿਸ ਨੂੰ 'ਨੌਲੱਖਾ ਬਾਗ਼' ਕਿਹਾ ਜਾਂਦਾ ਹੈ। ਭਾਈ ਸੰਤੋਖ ਸਿੰਘ ਦੱਸਦੇ ਹਨ ਕਿ ਛੇਵੇਂ ਪਾਤਿਸ਼ਾਹ ਨੇ ਆਪ ਇਹ ਬਾਗ਼ ਲਵਾਇਆ ਸੀ ਅਤੇ ਇੱਥੇ ਫ਼ਲਾਂ ਤੇ ਫੁੱਲਾਂ ਵਾਲੇ ਬੂਟਿਆਂ ਦੇ ਨਾਲ-ਨਾਲ ਸਿਹਤਯਾਬ ਰੱਖਣ ਵਾਲੀਆਂ ਜੜ੍ਹੀਆਂ-ਬੂਟੀਆਂ ਵੀ ਲਵਾਈਆਂ ਸਨ। ਗੁਰੂ ਹਰਿਰਾਇ ਜੀ ਨੇ ਇਸ ਬਾਗ਼ ਵਿਖੇ ਇਕ ਦਵਾਖ਼ਾਨਾ ਸਥਾਪਤ ਕੀਤਾ ਸੀ, ਜਿੱਥੋਂ ਮਰੀਜ਼ ਭੇਟਾ-ਰਹਿਤ ਦਵਾਈਆਂ ਪ੍ਰਾਪਤ ਕਰਦੇ ਸਨ। ਇਤਿਹਾਸ ਅਨੁਸਾਰ ਇਕ ਵਾਰ ਬਾਦਸ਼ਾਹ ਸ਼ਾਹਜ਼ਹਾਨ ਦਾ ਪੁੱਤਰ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਅਜਿਹਾ ਬਿਮਾਰ ਹੋਇਆ ਕਿ ਕੋਈ ਦਵਾ ਉਸ ਨੂੰ ਸਿਹਤਯਾਬ ਨਾ ਕਰ ਸਕੀ। ਗੁਰੂ ਹਰਿਰਾਇ ਜੀ ਨੇ ਇਸ ਬਾਗ਼ ਦੀਆਂ ਜੜ੍ਹੀਆਂ-ਬੂਟੀਆਂ ਅਤੇ ਹਰੜਾਂ ਭੇਜੀਆਂ, ਜਿਨ੍ਹਾਂ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਕਰ ਦਿੱਤਾ ਸੀ।
ਗੁ. ਦਮਦਮਾ ਸਾਹਿਬ-ਇਹ ਗੁਰਧਾਮ ਗੁਰਦੁਆਰਾ ਸ਼ੀਸ਼ ਮਹਿਲ ਦੇ ਨੇੜੇ ਹੀ ਸਥਿਤ ਹੈ। ਸ੍ਰੀ ਗੁਰੂ ਹਰਿਰਾਇ ਜੀ ਦੇ ਸਮੇਂ ਬਾਹਰੋਂ ਆਉਣ ਵਾਲੀ ਸੰਗਤ ਇੱਥੇ ਹੀ ਉਨ੍ਹਾਂ ਦੇ ਦਰਸ਼ਨ ਕਰਿਆ ਕਰਦੀ ਸੀ।
ਗੁ. ਚੁਬੱਚਾ ਸਾਹਿਬ-ਇਹ ਗੁਰਧਾਮ ਗੁਰਦੁਆਰਾ ਦਮਦਮਾ ਸਾਹਿਬ ਦੇ ਨੇੜੇ ਸਥਿਤ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਜਿਹੜੀ ਫ਼ੌਜ ਤਿਆਰ ਕੀਤੀ ਸੀ, ਉਨ੍ਹਾਂ 'ਚੋਂ 2200 ਘੋੜ ਸਵਾਰ ਗੁਰੂ ਹਰਿਰਾਇ ਜੀ ਦੇ ਸਮੇਂ ਵੀ ਮੌਜੂਦ ਸਨ, ਜਿਹੜੇ ਕਿ ਵੱਖੋ-ਵੱਖ ਥਾਵਾਂ 'ਤੇ ਸਨ। ਜਿਹੜੇ ਘੋੜੇ ਤੇ ਹੋਰ ਜਾਨਵਰ ਇੱਥੇ ਰੱਖੇ ਹੋਏ ਸਨ, ਉਨ੍ਹਾਂ ਨੂੰ ਪਾਣੀ ਪਿਆਉਣ ਲਈ ਚੁਬੱਚੇ ਤਿਆਰ ਕੀਤੇ ਸਨ। ਜਾਨਵਰਾਂ ਦੇ ਦਾਣੇ ਆਦਿ ਲਈ ਸਟੋਰ ਵੀ ਬਣਾਏ ਹੋਏ ਸਨ। ਜਦੋਂ ਸਮਾਂ ਮਿਲਦਾ ਗੁਰੂ ਹਰਿਰਾਇ ਜੀ ਆਪ ਵੀ ਇੱਥੇ ਆਉਂਦੇ ਤੇ ਜਾਨਵਰਾਂ ਨੂੰ ਦਾਣਾ ਆਦਿ ਛਕਾਉਂਦੇ ਸਨ। ਗੁਰੂ ਜੀ ਦੀ ਚਰਨ ਛੋਹ ਅਸਥਾਨ 'ਤੇ ਅੱਜ ਗੁਰਦੁਆਰਾ ਚੁਬੱਚਾ ਸਾਹਿਬ ਸੁਸ਼ੋਭਿਤ ਹੈ।
ਗੁ. ਮੰਜੀ ਸਾਹਿਬ-ਇਹ ਗੁਰਧਾਮ ਗੁਰਦੁਆਰਾ ਚੁਬੱਚਾ ਸਾਹਿਬ ਤੋਂ ਕੋਈ 200 ਮੀਟਰ ਦੀ ਦੂਰੀ 'ਤੇ ਹੈ। ਇਸ ਅਸਥਾਨ ਦਾ ਸੰਬੰਧ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਤੇ ਗੁਰੂ ਹਰਿਰਾਇ ਜੀ ਦੀ ਗੋਦ ਲਈ ਸਪੁੱਤਰੀ ਬੀਬੀ ਰੂਪ ਕੌਰ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਬੀਬੀ ਵੀਰੋ ਜੀ ਦੀ ਯਾਦ ਵਿਚ ਇੱਥੇ ਇਕ ਕਮਰਾ ਵੀ ਉਸਾਰਿਆ ਹੋਇਆ ਹੈ, ਜਿੱਥੇ ਕੁਝ ਤਾਰੀਖ਼ੀ ਵਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ, ਜਿਨ੍ਹਾਂ 'ਚ ਬੀਬੀ ਵੀਰੋ ਜੀ ਦੇ ਹੱਥ ਨਾਲ ਬਣਾਇਆ ਹੋਇਆ ਰੁਮਾਲ, ਗੁਰੂ ਹਰਿਗੋਬਿੰਦ ਸਾਹਿਬ ਦੀ ਹੱਥ ਲਿਖਤ ਪੁਰਾਤਨ ਗੁਰਬਾਣੀ ਦੀ ਪੋਥੀ ਅਤੇ ਗੁਰੂ ਨਾਨਕ ਦੇਵ ਜੀ ਦੀ ਸੇਲੀ-ਟੋਪੀ ਸ਼ਾਮਿਲ ਹਨ।
ਗੁ. ਬਿਬਾਣਗੜ੍ਹ ਸਾਹਿਬ-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਭਾਈ ਜੈਤਾ ਦਿੱਲੀ ਤੋਂ ਕੀਰਤਪੁਰ ਸਾਹਿਬ ਇਸ ਅਸਥਾਨ 'ਤੇ ਪੁੱਜਾ ਸੀ ਤੇ ਇਸ ਸੇਵਾ ਬਦਲੇ ਗੁਰੂ ਜੀ ਨੇ ਉਸ ਨੂੰ 'ਰੰਗਰੇਟਾ ਗੁਰੂ ਕਾ ਬੇਟਾ' ਦਾ ਅਸ਼ੀਰਵਾਦ ਦਿੱਤਾ ਸੀ। ਦਸਮ ਪਾਤਿਸ਼ਾਹ ਇਕ ਬਿਬਾਣ ਵਿਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ, ਜਿੱਥੇ ਸਤਿਕਾਰ ਸਹਿਤ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਅਸਥਾਨ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਬਿਬਾਣ 'ਚ ਰੱਖ ਕੇ ਲਿਜਾਇਆ ਗਿਆ ਸੀ, ਉੱਥੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਸਥਿਤ ਹੈ।
ਗੁ. ਦੇਹਰਾ ਬਾਬਾ ਗੁਰਦਿੱਤਾ ਜੀ-ਇਸ ਅਸਥਾਨ 'ਤੇ ਬਾਬਾ ਗੁਰਦਿੱਤਾ ਜੀ ਨੇ ਚੇਤ ਸੁਦੀ 10, 1695 ਬਿ. (15 ਮਾਰਚ 1638) ਨੂੰ ਆਪਣਾ ਸਰੀਰ ਤਿਆਗ ਦਿੱਤਾ ਸੀ। ਜਿੱਥੇ ਇਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉੱਥੇ ਇਨ੍ਹਾਂ ਦਾ ਦੇਹੁਰਾ ਬਣਿਆ ਹੋਇਆ ਹੈ। ਇਨ੍ਹਾਂ ਦੇ ਅਸਥਾਨ 'ਤੇ ਜਾਣ ਵਾਲੇ ਸ਼ਰਧਾਲੂ ਅਕਸਰ ਕਹਿੰਦੇ ਹਨ-ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ।
ਗੁਰਦੁਆਰਾ ਤੀਰ ਸਾਹਿਬ-ਇਹ ਗੁਰਧਾਮ ਬਾਬਾ ਗੁਰਦਿੱਤਾ ਜੀ ਦੇ ਦੇਹੁਰੇ ਦੇ ਨੇੜੇ ਸੁਸ਼ੋਭਿਤ ਹੈ ਅਤੇ ਛੇਵੇਂ ਪਾਤਿਸ਼ਾਹ ਇੱਥੇ ਤੀਰ ਚਲਾਉਣ ਦਾ ਅਭਿਆਸ ਕਰਾਇਆ ਕਰਦੇ ਸਨ। ਇਸ ਅਸਥਾਨ ਤੋਂ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਤੀਰ ਮਾਰ ਕੇ ਪਤਾਲਪੁਰੀ ਵਾਲੇ ਸਥਾਨ ਨੂੰ ਪ੍ਰਗਟ ਕੀਤਾ ਸੀ।
ਗੁ. ਪਤਾਲਪੁਰੀ ਸਾਹਿਬ-ਜਦੋਂ ਛੇਵੇਂ ਪਾਤਿਸ਼ਾਹ ਜੋਤੀ-ਜੋਤਿ ਸਮਾਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਇਸ ਅਸਥਾਨ 'ਤੇ ਹੀ ਕੀਤਾ ਗਿਆ ਸੀ। ਇਨ੍ਹਾਂ ਤੋਂ ਬਾਅਦ ਗੁਰੂ ਹਰਿਰਾਇ ਜੀ ਦਾ ਅੰਤਿਮ ਸੰਸਕਾਰ ਵੀ ਇੱਥੇ ਕੀਤਾ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੀਆਂ ਅਸਥੀਆਂ ਦਿੱਲੀ ਤੋਂ ਲਿਆ ਕੇ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ ਸਨ। ਮੌਜੂਦਾ ਸਮੇਂ ਵਿਚ ਆਪਣੇ ਮ੍ਰਿਤਕ ਸੰਬੰਧੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਸਿੱਖ ਇਸ ਅਸਥਾਨ 'ਤੇ ਹੀ ਆਉਂਦੇ ਹਨ।
ਸੰਤ ਨਿਵਾਸ ਉਦਾਸੀ ਆਸ਼ਰਮ-ਇਹ ਅਸਥਾਨ ਇਕ ਪੁਰਾਤਨ ਬਾਉਲੀ ਦੇ ਨੇੜੇ ਸਥਿਤ ਹੈ, ਜਿਹੜੀ ਕਿ ਬਾਬਾ ਸ੍ਰੀਚੰਦ ਜੀ ਵਲੋਂ ਬਣਵਾਈ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਦੀ ਉਸਾਰੀ ਦਾ ਕੰਮ ਸੌਂਪਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਉਲੀ ਦਾ ਪਾਣੀ ਵਰਤਿਆ ਸੀ। ਇਸ ਦੇ ਸਾਹਮਣੇ ਹੀ ਬਾਬਾ ਸ੍ਰੀਚੰਦ ਜੀ ਦੀ ਯਾਦ 'ਚ ਇਕ ਉਦਾਸੀ ਆਸ਼ਰਮ ਹੈ। ਇਸ ਅਸਥਾਨ ਦੇ ਅੰਦਰ ਬਾਬਾ ਸ੍ਰੀਚੰਦ ਜੀ ਦੀ ਮੂਰਤੀ ਤੇ ਇਕ ਧੂਣਾ ਸਥਾਪਤ ਕੀਤਾ ਹੋਇਆ ਹੈ ਤੇ ਇਕ ਵੱਖਰੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹੈ। ਕੀਰਤਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਇੱਥੇ ਵੀ ਹਾਜ਼ਰੀ ਭਰਦੀ ਹੈ।
(ਸਮਾਪਤ)
-ਸਿੱਖ ਵਿਸ਼ਵ ਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿਛਲੀ ਖ਼ਬਰ ਸਿੱਖਿਆ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹੈ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲ... ਅਗਲੀ ਖ਼ਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਜਦੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਵਸੂਲਿਆ ਟੈਕਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।