02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਿੱਖਿਆ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹੈ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲਾ)

ਅਜੀਤ ਡੈਸਕ 27-07-2026

ਅਕਾਲੀ ਕੌਰ ਸਿੰਘ ਨਿਹੰਗ ਕਿਹਾ ਕਰਦੇ ਸਨ ਕਿ ਜਿਸ ਦਾ ਕੋਈ ਵਾਰਸ ਨਹੀਂ, ਉਸ ਦੀ ਵਾਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਅਕਾਲੀ ਕੌਰ ਸਿੰਘ ਨਿਹੰਗ 1947 ਦੀ ਵੰਡ ਮਗਰੋਂ ਕਸ਼ਮੀਰ ਦੇ ਬਦਤਰ ਹਾਲਾਤ ਦੇਖਦੇ ਹੋਏ ਘੱਟ-ਗਿਣਤੀ ਕਸ਼ਮੀਰੀ ਲੋਕਾਂ ਦਾ ਪੰਜਾਬ ਵਿਚ ਵਸੇਬਾ ਕਰਾਉਣ ਦੇ ਮਕਸਦ ਹੇਠ ਪੰਜਾਬ ਪਹੁੰਚੇ। ਉਹ ਥਾਂ-ਥਾਂ ਆਸਰੇ ਲਈ ਭਟਕੇ ਤੇ ਅਖੀਰ ਉਹ ਸ਼੍ਰੋਮਣੀ ਕਮੇਟੀ ਦੀ ਸ਼ਰਨ 'ਚ ਚਲੇ ਗਏ। ਉਸ ਸਮੇਂ ਉਨ੍ਹਾਂ ਨੇ ਕਸ਼ਮੀਰ ਤੋਂ ਆਪਣੇ ਨਾਲ ਆਏ ਲੋਕਾਂ ਨੂੰ ਕਿਹਾ ਸੀ ਕਿ ਜਿਸ ਦਾ ਕੋਈ ਵਾਰਸ ਨਹੀਂ ਹੁੰਦਾ, ਉਸ ਦੀ ਵਾਰਸ ਸ਼੍ਰੋਮਣੀ ਕਮੇਟੀ ਹੁੰਦੀ ਹੈ। ਉਨ੍ਹਾਂ ਦੇ ਇਸ ਕਥਨ ਨੂੰ ਮੈਂ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ, ਜ਼ਿਲ੍ਹਾ ਕਪੂਰਥਲਾ ਦੇ ਸਦੰਰਭ ਵਿਚ ਸਾਕਾਰ ਹੁੰਦੇ ਦੇਖਿਆ ਹੈ।
ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਡੁਮੇਲੀ ਦੀ ਧਰਤੀ 'ਤੇ ਸਾਲ 1972 ਵਿਚ ਸੰਤ ਬਾਬਾ ਸਰਵਣ ਸਿੰਘ ਗੰਧਰਵ ਨੇ ਆਪਣੇ ਰਹਿਨੁਮਾ ਸੰਤ ਬਾਬਾ ਦਲੀਪ ਸਿੰਘ ਦੀ ਯਾਦ ਵਿਚ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਦੀ ਨੀਂਹ ਰੱਖੀ। ਸੰਤ ਬਾਬਾ ਦਲੀਪ ਸਿੰਘ ਉਹ ਮਹਾਨ ਹਸਤੀ ਸਨ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਅੰਦੋਲਨ ਤਹਿਤ ਜੈਤੋ ਦੇ ਇਕ ਮੋਰਚੇ ਦੀ ਅਗਵਾਈ ਕੀਤੀ ਸੀ। ਸੰਤ ਬਾਬਾ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਪੇਂਡੂ ਖੇਤਰ ਦਾ ਇਹ ਵਿੱਦਿਅਕ ਅਦਾਰਾ ਪਿੰਡ ਡੁਮੇਲੀ ਤੇ ਨਾਲ ਦੇ ਪੇਂਡੂ ਖੇਤਰਾਂ ਦੇ ਗ਼ਰੀਬ ਬੱਚਿਆਂ ਲਈ ਰਾਹ-ਏ-ਇਲਮ ਸਾਬਿਤ ਹੋਇਆ। ਸਮੇਂ-ਸਮੇਂ ਇਸ ਕਾਲਜ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਾਲ 1990 ਤੱਕ ਇਹ ਅਦਾਰਾ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੋ ਚੁੱਕਾ ਸੀ। ਡਗਮਗਾਉਂਦੀਆਂ ਸਥਿਤੀਆਂ 'ਚ ਸਾਲ 1996 ਵਿਚ ਇਸ ਕਾਲਜ ਨੂੰ ਸ਼੍ਰੋਮਣੀ ਕਮੇਟੀ ਦਾ ਮਜ਼ਬੂਤ ਸਹਾਰਾ ਮਿਲਿਆ। 1996 ਤੋਂ ਲੈ ਕੇ ਹੁਣ ਤੱਕ ਇਹ ਕਾਲਜ ਸ਼੍ਰੋਮਣੀ ਕਮੇਟੀ ਦੀ ਵਿਸ਼ਾਲਤਾ ਦਾ ਹਿੱਸਾ ਬਣਿਆ ਹੋਇਆ ਹੈ ਅਤੇੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਇਸ ਵਿੱਦਿਅਕ ਅਦਾਰੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਕਾਲਜ ਵਿਚ ਨਵੀਆਂ ਇਮਾਰਤਾਂ ਨੂੰ ਉਸਾਰਿਆ ਗਿਆ, ਬਿਨਾਂ ਛੱਤਾਂ ਵਾਲੇ ਕਮਰਿਆਂ ਨੂੰ ਦੋ ਮੰਜ਼ਿਲਾ ਇਮਾਰਤਾਂ ਵਿਚ ਬਦਲਿਆ ਗਿਆ। 50'×100'' ਦਾ ਬਹਿਤਰੀਨ ਹਾਲ, ਏਅਰ ਕੰਡੀਸ਼ਨਡ ਸੈਮੀਨਾਰ ਹਾਲ, ਸਿੱਖਿਆ ਨੂੰ ਆਧੁਨਿਕ ਤਕਨੀਕ ਨਾਲ ਜੋੜਣ ਲਈ ਸਮਾਰਟ ਰੂਮ, ਹਾਈਟੈੱਕ ਕੰਪਿਊਟਰ ਸਹੂਲਤਾਂ, ਆਧੁਨਿਕ ਫਰਨੀਚਰ, ਵਾਟਰ ਕੂਲਰ, ਜਨਰੇਟਰ ਤੇ ਦੂਰੋਂ ਆਉਣ ਵਾਲੀਆਂ ਵਿਦਿਆਰਥਣਾਂ ਲਈ ਤਿੰਨ ਬੱਸਾਂ ਦੀ ਸਹੂਲਤ ਉਪਲਬਧ ਕਰਵਾਈ ਗਈ। ਸ਼੍ਰੋਮਣੀ ਕਮੇਟੀ ਦੁਆਰਾ ਸਾਲ 1996 ਤੋਂ ਲੈ ਕੇ ਹੁਣ ਤੱਕ ਹਰ ਸਾਲ ਲੱਖਾਂ ਰੁਪਏ ਦੀ ਵਿੱਤੀ ਮਦਦ ਵੀ ਕਾਲਜ ਨੂੰ ਦਿੱਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਬਹੁਤ ਘੱਟ ਫੀਸਾਂ 'ਤੇ ਬੱਚਿਆਂ ਨੂੰ ਪੜ੍ਹਨ ਦੇ ਮੌਕੇ ਦਿੱਤੇ। ਬਹੁਤ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਵਿਦਿਆਰਥੀ ਜਿਨ੍ਹਾਂ ਲਈ ਉਚੇਰੀ ਸਿੱਖਿਆ ਪਹੁੰਚ ਤੋਂ ਬਾਹਰ ਸੀ, ਨੂੰ ਮਾਲੀ ਮਦਦ ਦੇ ਕੇ ਉਨ੍ਹਾਂ ਦੀ ਰਾਹ-ਗੁਜ਼ਰ ਆਸਾਨ ਕਰ ਦਿੱਤੀ। ਵਿਦਿਆਰਥੀਆਂ ਨੂੰ ਬਿਹਤਰ ਪੜ੍ਹਾਈ ਦੇਣ ਦੇ ਮਕਸਦ ਹੇਠ ਗਰੀਬ, ਪਛੜੇ ਅਤੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆ ਨੂੰ ਵੱਖ-ਵੱਖ ਵਜ਼ੀਫ਼ਾ ਸਕੀਮਾਂ ਦਾ ਹਿੱਸਾ ਬਣਾਇਆ ਗਿਆ। ਇਸ ਕਾਲਜ 'ਚ ਵਿਦਿਆਰਥੀਆਂ ਦੀ ਗਿਣਤੀ ਵਿਚ ਲੜਕੀਆਂ ਦੀ ਗਿਣਤੀ ਜ਼ਿਆਦਾ ਰਹੀ ਹੈ। ਕਿਹਾ ਜਾਂਦਾ ਹੈ ਕਿ ਲੜਕੀ ਪੜ੍ਹ ਜਾਵੇ ਤਾਂ ਪੂਰਾ ਪਰਿਵਾਰ ਪੜ੍ਹ ਜਾਂਦਾ ਹੈ, ਨੂੰ ਸ਼੍ਰੋਮਣੀ ਕਮੇਟੀ ਨੇ ਸੰਭਵ ਬਣਾਇਆ।
ਜੇ ਸ਼੍ਰੋਮਣੀ ਕਮੇਟੀ ਉਸ ਦੌਰ ਵਿਚ ਇਸ ਵਿੱਦਿਅਕ ਅਦਾਰੇ ਨੂੰ ਨਾ ਅਪਣਾਉਂਦੀ ਤਾਂ ਸ਼ਾਇਦ ਇਸ ਕਾਲਜ ਦੀ ਹੋਂਦ ਮਿਟ ਚੁੱਕੀ ਹੁੰਦੀ ਅਤੇ ਇਸ ਨਾਲ ਜੁੜੇ ਹੋਏ ਲੋਕਾਂ ਦਾ ਵਜੂਦ ਵੀ ਖ਼ਤਮ ਹੋ ਗਿਆ ਹੁੰਦਾ। ਜਿੱਥੇ ਇਕ ਪਾਸੇ ਸ਼੍ਰੋਮਣੀ ਕਮੇਟੀ ਨੇ ਇਸ ਕਾਲਜ ਨੂੰ ਆਪਣੀ ਬੁੱਕਲ ਵਿਚ ਲੈ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਤਾਲੀਮ ਦਿਵਾਈ, ਰੁਜ਼ਗਾਰ ਦੇ ਮੌਕੇ ਦਿੱਤੇ, ਵਿਦੇਸ਼ੀ ਧਰਤੀ 'ਤੇ ਵਸਣ ਦੇ ਮੌਕੇ ਦਿੱਤੇ, ਪਹਿਚਾਣ ਦਿੱਤੀ, ਚੇਤਨਤਾ ਦਿੱਤੀ, ਸਮਾਜ ਵਿਚ ਸਿਰ ਉਠਾ ਕੇ ਜਿਊਣ ਦਾ ਬਲ ਪ੍ਰਦਾਨ ਕੀਤਾ, ਗੁਰੂ ਦੇ ਸਿੱਖ ਬਣਾਇਆ, ਉੱਥੇ ਦੂਜੇ ਪਾਸੇ ਰੁਜ਼ਗਾਰ ਦੀ ਭਾਲ ਵਿਚ ਦੂਰੋਂ-ਨੇੜਿਓਂ ਆਏ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਕੀਤਾ।
-ਅਸਿਸਟੈਂਟ ਪ੍ਰੋਫੈਸਰ (ਇਤਿਹਾਸ),
ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲਾ)।

ਪਿਛਲੀ ਖ਼ਬਰ ਜੇ ਗੁਣ ਹੋਵਨਿ ਸਾਜਨਾ ਅਗਲੀ ਖ਼ਬਰ ਕੀਰਤਪੁਰ ਸਾਹਿਬ : ਧਾਰਮਿਕ ਤੇ ਇਤਿਹਾਸਕ ਮਹੱਤਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।