02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜੇ ਗੁਣ ਹੋਵਨਿ ਸਾਜਨਾ

ਅਜੀਤ ਡੈਸਕ 27-07-2026


ਦੂਜਿਆਂ ਦੀਆਂ ਚੰਗੀਆਂ ਗੱਲਾਂ ਵੱਲ ਧਿਆਨ ਦੇਣ ਦੀ ਆਦਤ ਅਪਣਾਉਣ ਨਾਲ ਸਾਡੇ ਰਿਸ਼ਤਿਆਂ ਵਿਚ ਮਿਠਾਸ ਪੈਦਾ ਹੁੰਦੀ ਹੈ ਅਤੇ ਸਾਕਾਰਾਤਮਿਕ ਸੋਚ ਸਾਨੂੰ ਵਧੇਰੇ ਆਤਮਵਿਸ਼ਵਾਸੀ ਤੇ ਸਫ਼ਲ ਬਣਾਉਣ ਵਿਚ ਮਦਦ ਕਰਦੀ ਹੈ। ਹੁਣ ਇਹੀ ਗੱਲ ਗੁਰਮਤਿ ਦ੍ਰਿਸ਼ਟੀ ਤੋਂ ਸਮਝਣ ਦਾ ਯਤਨ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦਾਂ ਰਾਹੀਂ ਸਾਨੂੰ ਸਮਝਾਇਆ ਹੈ:-
ਸਾਝ ਕਰੀਜੈ ਗੁਣਹ ਕੇਰੀ
ਛੋਡਿ ਅਵਗਣ ਚਲੀਐ॥ (ਅੰਗ:765)
ਭਾਵ ਕਿ ਆਪਣੀਆਂ ਨੇਕੀਆਂ ਨਾਲ ਸਾਂਝ ਪੈਦਾ ਕਰੀਏ ਅਤੇ ਔਗੁਣਾਂ (ਪਾਪਾਂ ਆਦਿਕ) ਨੂੰ ਤਿਆਗ ਕੇ ਸੱਚੇ ਸਾਈਂ ਦੇ ਰਾਹ 'ਤੇ ਤੁਰੀਏ। ਗੁਰੂ ਸਾਹਿਬ ਇਸ ਸ਼ਬਦ ਵਿਚ ਸਮਝਾਉਂਦੇ ਹਨ ਕਿ ਸਾਨੂੰ ਦੂਸਰੇ ਦੇ ਔਗੁਣਾਂ ਨੂੰ ਅੱਖੋਂ-ਪਰੋਖੇ ਕਰਕੇ ਗੁਣਾਂ ਨਾਲ ਸਾਂਝ ਪਾ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਹੀ ਇਕ ਮਨੁੱਖ ਦੂਜੇ ਨਾਲ ਸਾਂਝ ਪਾ ਸਕਦਾ ਹੈ। ਫਿਰ ਇਹੀ ਸਾਂਝ, ਪਿਆਰ ਤੇ ਮਿਲਵਰਤਣ ਦਾ ਭਾਵ ਪੈਦਾ ਕਰਨ ਵਿਚ ਮਦਦ ਕਰਦੀ ਹੈ ਅਤੇ ਮਨੁੱਖ ਇਕ-ਦੂਜੇ ਦਾ ਸਾਥੀ ਬਣਦਾ ਹੈ। ਇਸ ਤਰ੍ਹਾਂ ਜਦ ਪਿਆਰ ਦੀ ਸਾਂਝ ਡੂੰਘੀ ਹੋ ਜਾਵੇ ਤਾਂ ਨਿੰਦਾ/ਨਫ਼ਰਤ ਦੀ ਗੁੰਜਾਇਸ਼ ਖ਼ਤਮ ਹੋ ਜਾਂਦੀ ਹੈ। ਦੂਸਰਿਆਂ 'ਚੋਂ ਗੁਣਾਂ ਦੀ ਖੋਜ ਕਰਨ ਵਾਲੇ ਦੇ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਜਦੋਂ ਅਸੀਂ ਦੂਸਰੇ ਦੇ ਗੁਣਾਂ ਦੀ ਸ਼ਲਾਘਾ ਕਰਦੇ ਹਾਂ ਤਾਂ ਸਾਡਾ ਅਵਚੇਤਨ ਮਨ ਵੀ ਉਸ ਸਾਕਾਰਾਤਮਿਕ ਊਰਜਾ ਨਾਲ ਜੁੜ ਜਾਂਦਾ ਹੈ।
ਜ਼ਿੰਦਗੀ ਵਿਚ ਜਿੰਨਾ ਜ਼ਿਆਦਾ ਅਸੀਂ ਗੁਣਾਂ ਦੀ ਸਾਂਝ ਕਰਦੇ ਜਾਵਾਂਗੇ, ਉਨੇ ਹੀ ਅਸੀਂ ਮਾਨਸਿਕ ਤੌਰ 'ਤੇ ਅਮੀਰ ਤੇ ਤੰਦਰੁਸਤ ਹੁੰਦੇ ਜਾਵਾਂਗੇ। ਇਸ ਨਾਲ ਸਾਡੇ ਮਨ ਮਸਤਕ ਵਿਚ ਵੀ ਮਜ਼ਬੂਤੀ ਪੈਦਾ ਹੋਵੇਗੀ ਅਤੇ ਇਹੀ ਮਜ਼ਬੂਤੀ ਸਾਡੀ ਜ਼ਿੰਦਗੀ ਵਿਚ ਚੜ੍ਹਦੀ ਕਲਾ ਪੈਦਾ ਕਰੇਗੀ। ਪਰ ਇਕ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਕਿ ਮਨ ਵਿਚ ਕਦੇ ਵੀ ਇਹ ਭੁਲੇਖਾ ਨਹੀਂ ਪੈਦਾ ਹੋਣ ਦੇਣਾ ਕਿ ਮੈਂ ਤਾਂ ਬਹੁਤ ਗੁਣੀ ਜਨ ਬਣ ਗਿਆ ਹਾਂ ਜਾਂ ਮੇਰੇ ਵਿਚ ਕੋਈ ਔਗੁਣ ਨਹੀਂ ਹੈ ਜਾਂ ਫਿਰ ਮੈਂ ਸਭ ਤੋਂ ਵਧੀਆ ਤੇ ਚੰਗਾ ਇਨਸਾਨ ਹਾਂ। ਗੁਰੂ ਅਮਰਦਾਸ ਜੀ ਦਾ ਹੁਕਮ ਹੈ:-
ਮਨ ਤੂੰ ਮਤ ਮਾਣੁ ਕਰਹਿ ਜਿ ਹਉ
ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ॥
(ਅੰਗ:441)
ਕਿਉਂਕਿ ਇਹ ਨਾ ਹੋਵੇ ਗੁਣਾਂ ਦੀ ਸਾਂਝ ਪਾਉਂਦੇ-ਪਾਉਂਦੇ ਸਾਡੇ ਮਨ ਅੰਦਰ ਹੰਕਾਰ ਪੈਦਾ ਹੋ ਜਾਵੇ ਤੇ ਇਹੀ ਹੰਕਾਰ ਸਾਡੇ ਲਈ ਔਗੁਣ ਬਣ ਬੈਠੇ ਅਤੇ ਸਾਡੇ ਗੁਣਾਂ ਦਾ ਨਾਸ ਹੋ ਜਾਵੇ। ਸਗੋਂ ਗੁਰਮੁਖ ਨੇ ਤਾਂ ਆਪਣੇ ਅੰਦਰੋਂ ਹਰ ਤਰ੍ਹਾਂ ਦੇ ਔਗੁਣਾਂ ਨੂੰ ਕੱਢਣਾ ਹੈ, ਫਿਰ ਉਹ ਗੁਣੀ ਹੋਣ ਦੇ ਮਾਣ ਦਾ ਔਗੁਣ ਹੀ ਕਿਉਂ ਨਾ ਹੋਵੇ।
ਜਿਵੇਂ ਕਹਿੰਦੇ ਨੇ ਕਿ ਅਗਿਆਨਤਾ ਇੰਨੀ ਬੁਰੀ ਨਹੀਂ, ਜਿਨਾਂ ਗਿਆਨ ਹੋਣ ਦਾ ਹੰਕਾਰ ਹੋਣਾ ਬੁਰਾ ਹੁੰਦਾ ਹੈ। ਇਸ ਲਈ ਗੁਣਾਂ ਦੀ ਸਾਂਝ ਵਿਚ ਸਾਡਾ ਮਨ ਹਮੇਸ਼ਾ ਕੇਂਦਰਿਤ ਰਹਿਣਾ ਚਾਹੀਦਾ ਹੈ। ਜਿਵੇਂ ਇਕ ਵਾਰ ਖ਼ੁਦ ਨੂੰ ਗੁਣੀ ਸਮਝਣ ਵਾਲਾ ਬੰਦਾ ਘਰੋਂ ਉਪਦੇਸ਼ ਦੇਣ ਲਈ ਨਿਕਲਿਆ। ਪਰ ਕੋਈ ਉਸ ਦੇ ਨੇੜੇ ਨਾ ਖੜ੍ਹਾ। ਅੰਤ ਉਸ ਨੇ ਇਕ ਬੱਚੇ ਨੂੰ ਤੱਕਿਆ, ਜਿਸ ਨੇ ਤੀਲਾਂ ਦੀ ਡੱਬੀ 'ਚੋਂ ਤੀਲੀ ਬਾਲ ਕੇ ਦੀਵੇ ਨੂੰ ਜਗਾਇਆ। ਇਹ ਵਿਅਕਤੀ ਉਸ ਕੋਲ ਪਹੁੰਚ ਕੇ ਪੁੱਛਣ ਲੱਗਾ, 'ਬਾਲਕ ਕੀ ਤੂੰ ਦੱਸ ਸਕਦਾ ਹੈਂ ਕਿ ਦੀਵੇ ਦੀ ਇਹ ਲਾਟ ਕਿੱਥੋਂ ਆਈ ਏ?' ਕੁਝ ਪਲ ਤਾਂ ਬੱਚਾ ਚੁੱਪ ਰਿਹਾ ਫਿਰ ਤੁਰੰਤ ਉਸ ਨੇ ਫੂਕ ਮਾਰ ਕੇ ਲਾਟ ਬੁਝਾ ਦਿੱਤੀ ਤੇ ਉਲਟਾ ਸਵਾਲ ਕਰਨ ਲੱਗਾ, 'ਤੁਸੀਂ ਪਹਿਲਾਂ ਇਹ ਦੱਸੋ ਕਿ ਇਹ ਲਾਟ ਹੁਣ ਕਿੱਥੇ ਗਈ?' ਤਾਂ ਉਸ ਆਦਮੀ ਨੂੰ ਕੋਈ ਜਵਾਬ ਨਾ ਆਇਆ। ਪਰ ਉਹ ਸਿਦਕ ਦਿਲ ਆਦਮੀ ਸੀ, ਜੋ ਬਾਲਕ ਨੂੰ ਆਖਣ ਲੱਗਾ ਕਿ ਪਹਿਲਾਂ ਉਹ ਘਰੋਂ ਗਿਆਨ ਵੰਡਣ ਲਈ ਨਿਕਲਿਆ ਸੀ, ਪਰ ਹੁਣ ਦੁਬਾਰਾ ਨਿਕਲੇਗਾ, ਪਰ ਗਿਆਨ ਹਾਸਿਲ ਕਰਨ ਲਈ। ਇਸ ਵਾਰਤਾ ਤੋਂ ਇਹ ਪਤਾ ਲਗਦਾ ਹੈ ਕਿ ਗਿਆਨ ਤੇ ਗੁਣ ਜਦ ਵੀ ਕਿਤੋਂ ਪ੍ਰਾਪਤ ਹੋਣ, ਉਨ੍ਹਾਂ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਗੁਣਾ ਕਾ ਹੋਵੈ ਵਾਸੁਲਾ
ਕਢਿ ਵਾਸੁ ਲਈਜੈ॥
ਜੇ ਗੁਣ ਹੋਵਨ੍ਹਿ ਸਾਜਨਾ
ਮਿਲਿ ਸਾਝ ਕਰੀਜੈ॥ (ਅੰਗ:765)
ਪੇਸ਼ੇਵਰ ਜ਼ਿੰਦਗੀ ਵਿਚ ਵੀ ਆਮ ਤੌਰ 'ਤੇ ਦੂਜਿਆਂ ਦੀਆਂ ਕਮੀਆਂ ਕੱਢਣ ਨਾਲ ਸਾਡਾ ਦਫ਼ਤਰੀ ਮਾਹੌਲ ਨੂੰ ਤਣਾਅਪੂਰਨ ਬਣਿਆ ਰਹਿੰਦਾ ਹੈ, ਜਦਕਿ ਆਪਣੇ ਸਹਿਯੋਗੀਆਂ ਦੀਆਂ ਚੰਗੀਆਂ ਗੱਲਾਂ ਵੱਲ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ। ਸੋ ਆਓ, ਗੁਣਾਂ ਦੀ ਸਾਝ ਪਾ ਕੇ ਗੁਣੀ ਬਣੀਏ ਅਤੇ ਸੋਹਣੀ ਜ਼ਿੰਦਗੀ ਜੀਵੀਏ।
-ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਸਾਹਿਬ।
ਮੋਬਾਈਲ : 94787-67620

ਪਿਛਲੀ ਖ਼ਬਰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਅਗਲੀ ਖ਼ਬਰ ਸਿੱਖਿਆ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹੈ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।